ਪੰਜਾਬ ਦੀ ਕੁਸ਼ਪਿੰਦਰ ਕੌਰ ਬਣੀ ਕੌਂਸਲਰ, ਆਸਟਰੇਲੀਆ ਦੇ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ
Monday, Dec 20, 2021 - 11:02 AM (IST)
ਸਿਡਨੀ (ਰਮਨਦੀਪ ਸੋਢੀ) : ਪੰਜਾਬ ਦੇ ਪਿੰਡ ਹੱਲੂਵਾਲ ਦੀ ਰਹਿਣ ਵਾਲੀ ਕੁਸ਼ਪਿੰਦਰ ਕੌਰ ਆਸਟਰੇਲੀਆ ਵਿਚ ਕੌਂਸਲਰ ਚੁਣੀ ਗਈ ਹੈ। ਕੁਸ਼ਪਿੰਦਰ ਕੌਰ ਨੇ ਆਸਟਰੇਲੀਆ ਦੇ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕੀਤਾ ਹੈ। ਇਹ ਚੋਣਾਂ 4 ਦਸੰਬਰ ਨੂੰ ਹੋਈਆਂ ਸਨ।
ਕੁਸ਼ਪਿੰਦਰ ਕੌਰ ਦਾ ਸਬੰਧ ਦੁਆਬੇ ਦੇ ਮਾਹਿਲਪੁਰ ਖੇਤਰ ਦੇ ਨਿੱਕੇ ਜਿਹੇ ਪਿੰਡ ਹੱਲੂਵਾਲ ਨਾਲ ਹੈ। ਉਨ੍ਹਾਂ ਦੇ ਦਾਦਾ ਜੀ ਸੁਤੰਤਰਤਾ ਸੰਗਰਾਮੀ ਸ: ਬਿਸ਼ਨ ਸਿੰਘ ਜੀ ਗ਼ਦਰ ਲਹਿਰ ਦੇ ਯੋਧਿਆਂ ਵਿਚੋਂ ਇਕ ਸਨ। ਉਨ੍ਹਾਂ ਦੇ ਪਿਤਾ ਜੀ ਭਾਰਤੀ ਫ਼ੌਜ ਵਿਚੋਂ ਕਪਤਾਨ ਵਜੋਂ ਰਿਟਾਇਰ ਹੋਏ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਜ਼ੂਆਲੋਜੀ ਵਿਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਬਾਇਓਲੋਜੀ ਦੇ ਅਧਿਆਪਕ ਵਜੋਂ ਕਰੀਅਰ ਸ਼ੁਰੂ ਕੀਤਾ ਸੀ ਅਤੇ 1998 ਵਿਚ ਭਾਈ ਨੰਦ ਲਾਲ ਖ਼ਾਲਸਾ ਸਕੂਲ ਵਿਚ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਸੀ। 2003 ਤੋਂ ਉਨ੍ਹਾਂ ਬੜੂ ਸਾਹਿਬ ਅਕਾਲ ਅਕੈਡਮੀ ਦੇ ਵੱਖ-ਵੱਖ ਸਕੂਲਾਂ ਵਿਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਂਦਿਆਂ ਅਨੇਕਾਂ ਬੱਚਿਆਂ ਦਾ ਭਵਿੱਖ ਵਿਦਿਆ ਦੇ ਚਾਨਣ ਨਾਲ ਰੁਸ਼ਨਾਇਆ। ਉਨ੍ਹਾਂ ਦੀ ਪ੍ਰਬੰਧਕੀ ਕੁਸ਼ਲਤਾ ਨੂੰ ਵੇਖਦਿਆਂ ਬੜੂ ਸਾਹਿਬ ਅਕਾਲ ਅਕੈਡਮੀ ਨੇ ਉਨ੍ਹਾਂ ਨੂੰ ਸੰਤ ਅਤਰ ਸਿੰਘ ਜੀ ਦੇ ਜਨਮ ਸਥਾਨ ਚੀਮਾ ਸਾਹਿਬ ਦੇ ਸਕੂਲ਼ ਦੇ ਪ੍ਰਿੰਸੀਪਲ ਦੇ ਅਹੁਦੇ ਦੇ ਨਾਲ-ਨਾਲ ਨੇੜਲੀਆਂ 8 ਸ਼ਾਖ਼ਾਵਾਂ ਦਾ ਪ੍ਰਬੰਧਕੀ ਮੁਖੀ ਵੀ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
2014 ਵਿਚ ਆਸਟਰੇਲੀਆ ਦਾ ਪਰਵਾਸ ਲੈਣ ਉਪਰੰਤ ਉਨ੍ਹਾਂ ਆਸਟਰੇਲੀਆ ਆ ਕੇ ਸਿਡਨੀ ਦੇ ਵੱਖ-ਵੱਖ ਵੋਕੇਸ਼ਨਲ ਕਾਲਜਾਂ ਵਿਚ ਪਿ੍ਰੰਸੀਪਲ ਵਜੋਂ ਸੇਵਾ ਨਿਭਾਈ। ਲੇਬਰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਵੇਖਦਿਆਂ 2014 ਵਿਚ ਉਹ ਲੇਬਰ ਪਾਰਟੀ ਦੀ ਮੈਂਬਰ ਬਣ ਗਈ। ਲੇਬਰ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਨ੍ਹਾਂ ਨੇ ਔਰਤਾਂ ਦੇ ਹੱਕਾਂ ਲਈ ਡਟ ਕੇ ਕੰਮ ਕੀਤਾ ਹੈ। ਉਨ੍ਹਾਂ ਨੇ ਐਡੀਲੇਡ ਵਿਚ ਹੋਈ ਨੈਸ਼ਨਲ ਲੇਬਰ ਵੂਮੈਨ ਕਾਨਫ਼ਰੰਸ ਵਿਚ ਔਰਤਾਂ ਦੇ ਹੱਕਾਂ ਲਈ ਪਰਚਾ ਵੀ ਪੜ੍ਹਿਆ। 2014 ਤੋਂ ਉਨ੍ਹਾਂ ਨੇ ਲਗਾਤਾਰ ਪਰਿਵਾਰਕ ਹਿੰਸਾ ਦੇ ਖ਼ਿਲਾਫ਼ ਵੱਖ-ਵੱਖ ਪਲੇਟਫ਼ਾਰਮਾਂ ’ਤੇ ਵਿਚਾਰ ਚਰਚਾਵਾਂ ਵਿਚ ਹਿੱਸਾ ਲਿਆ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਵਾਰਡ 2 ਵਿਚ ਕੌਂਸਲਰ ਦੀ ਉਮੀਦਵਾਰੀ ਲਈ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।