ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ–ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ, ਯਾਤਰੀਆਂ ਦਾ ਨਿੱਘਾ ਸਵਾਗਤ

11/12/2023 11:03:45 AM

ਮੈਲਬੌਰਨ/ਬ੍ਰਿਸਬੇਨ (ਮਨਦੀਪ ਸਿੰਘ ਸੈਣੀ, ਸੁਰਿੰਦਰ ਪਾਲ ਸਿੰਘ ਖੁਰਦ)- ਪੰਜਾਬ ਦੇ ਵਸਨੀਕਾਂ, ਦੁਨੀਆ ਭਰ ਦੇ ਪ੍ਰਵਾਸੀ ਪੰਜਾਬੀਆਂ ਅਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਉਡਾਣਾਂ ਲਈ ਨਵੰਬਰ ਦਾ ਮਹੀਨਾ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਗੱਲ ਦਾ ਪ੍ਰਗਟਾਵਾ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਕਾਸ ਨੂੰ ਸਮਰਪਿਤ ਮੁਹਿੰਮ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਅੰਮ੍ਰਿਤਸਰ ਵਿਕਾਸ ਮੰਚ ਨੇ ਮਲੇਸ਼ੀਆ ਏਅਰਲਾਈਨ ਵਲੋਂ 8 ਨਵੰਬਰ ਨੂੰ ਕੁਆਲਾਲੰਪੁਰ ਤੋਂ ਗੁਰੂ ਕੀ ਨਗਰੀ ਲਈ ਹਫ਼ਤੇ ਵਿੱਚ 2 ਦਿਨ ਲਈ ਸ਼ੁਰੂ ਕੀਤੀਆਂ ਗਈਆਂ ਸਿੱਧੀਆਂ ਉਡਾਣਾਂ ਜ਼ਰੀਏ ਕੀਤਾ।  

PunjabKesari

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਹਵਾਬਾਜ਼ੀ ਵਿਸ਼ਲੇਸ਼ਕ ਅਤੇ ਬਲੌਗਰ ਰਵਰੀਤ ਸਿੰਘ ਨੇ ਮਲੇਸ਼ੀਆ ਏਅਰਲਾਈਨਜ਼ ਦੀ ਅੰਮ੍ਰਿਤਸਰ ਤੋਂ ਪਹਿਲੀ ਉਡਾਣ 'ਚ ਯਾਤਰਾ ਕਰਨ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਇਸ ਇਤਿਹਾਸਕ ਮੌਕੇ ਹਵਾਈ ਅੱਡੇ 'ਤੇ ਏਅਰਲਾਈਨ ਦੇ ਦੱਖਣੀ ਏਸ਼ੀਆ, ਮਿਡਲ ਈਸਟ ਅਤੇ ਅਫਰੀਕਾ ਦੇ ਰੀਜਨਲ ਮੈਨੇਜਰ ਅਮਿਤ ਮਹਿਤਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਇਨੀਸ਼ੀਏਟਿਵ ਵਲੋਂ ਉਹਨਾਂ ਦਾ ਧੰਨਵਾਦ ਕੀਤਾ। ਰਵਰੀਤ ਅਨੁਸਾਰ ਅੰਮ੍ਰਿਤਸਰ ਤੋਂ 180 ਸਵਾਰੀਆਂ ਦੇ ਜਹਾਜ਼ ਦੀ ਪਹਿਲੀ ਉਡਾਣ ਵਿੱਚ 90% ਤੋਂ ਵੱਧ ਯਾਤਰੀ ਸਨ, ਜਿਸ ਵਿੱਚ ਜ਼ਿਆਦਾਤਰ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾਣ ਵਾਲੇ ਸਨ। ਏਅਰਲਾਈਨ ਵੱਲੋਂ ਸ਼ੁਰੂਆਤੀ ਉਡਾਣ ਰਾਹੀਂ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ ਨੇ ਪਹਿਲੀ ਵਾਰ ਜੰਗ 'ਚ ਖ਼ਤਰਨਾਕ ਹਾਈਪਰਸੋਨਿਕ ਮਿਜ਼ਾਈਲ ਦੀ ਕੀਤੀ ਵਰਤੋਂ 

PunjabKesari

ਆਕਲੈਂਡ, ਨਿਊਜ਼ੀਲੈਂਡ ਤੋਂ ਪਹਿਲੀ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚੇ ਰੇਡੀਓ ਸਪਾਈਸ ਦੇ ਹੋਸਟ ਮਿੰਟੂ ਸਰਕਾਰੀਆ ਨੇ ਕਿਹਾ ਕਿ ਉਹ ਪਹਿਲੀ ਉਡਾਣ 'ਤੇ ਕੁਆਲਾਲੰਪੂਰ ਰਾਹੀਂ ਸਿੱਧਾ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ 'ਤੇ ਬਹੁਤ ਹੀ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹੈ। ਇਸ ਨਵੇਂ ਹਵਾਈ ਸੰਪਰਕ ਨੇ ਵੱਡੀ ਗਿਣਤੀ ਵਿੱਚ ਆਕਲੈਂਡ ਵੱਸਦੇ ਸਾਡੇ ਪੰਜਾਬੀ ਭਾਈਚਾਰੇ ਲਈ ਪੰਜਾਬ ਦੀ ਹਵਾਈ ਯਾਤਰਾ ਨੂੰ ਸੁਖਾਲਾ ਕਰ ਦਿੱਤਾ ਹੈ, ਖਾਸਕਰ ਇਹਨਾਂ ਨਾਲ ਦਿੱਲ਼ੀ ਦੀ ਖੱਜਲ-ਖੁਆਰੀ ਤੋਂ ਵੱਡੀ ਰਾਹਤ ਮਿਲੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਮਲੇਸ਼ੀਆ ਏਅਰਲਾਈਨਜ਼ ਵੱਲੋਂ ਇਹਨਾਂ ਸੇਵਾਵਾਂ ਨੂੰ ਸ਼ੁਰੂ ਕਰਨ 'ਤੇ ਬੇਹੱਦ ਖੁਸ਼ੀ ਜ਼ਾਹਰ ਕੀਤੀ। ਉਹਨਾਂ ਦੱਸਿਆ, ਬਾਟਿਕ ਏਅਰ ਅਤੇ ਏਅਰ ਏਸ਼ੀਆ ਐਕਸ ਤੋਂ ਬਾਅਦ ਇਹ ਹੁਣ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਸਰੀ ਏਅਰਲਾਈਨ ਹੈ। ਇਹ ਹਵਾਈ ਅੱਡੇ ਲਈ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮੀਲ ਪੱਥਰ ਹੈ, ਕਿਉੰਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਮੁੱਖ ਉਦੇਸ਼ ਅੰਮ੍ਰਿਤਸਰ ਨੂੰ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਬਾਦ ਇੱਕ ਮੁੱਖ ਸੈਕੰਡਰੀ ਹਵਾਈ ਯਾਤਰਾ ਦੀ ਹੱਬ ਵਜੋਂ ਸਥਾਪਤ ਕਰਨਾ ਹੈ।

ਸ਼ਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਐਨ.ਜੀ.ਓ.) ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ, “ਵਿਦੇਸ਼ ਅਤੇ ਪੰਜਾਬ ਵੱਸਦੇ ਸਾਡੇ ਭਾਈਚਾਰੇ ਲਈ ਹੁਣ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਦਿੱਲੀ ਦੀ ਬਜਾਏ, ਯਾਤਰਾ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਤਰਜੀਹ ਦੇਣ। ਇਹਨਾਂ ਉਡਾਣਾਂ ਦੇ ਸਫਲ ਹੋਣ ਨਾਲ ਹੀ ਇੱਥੋਂ ਹੋਰ ਉਡਾਣਾਂ ਸ਼ੁਰੂ ਹੋ ਸਕਣਗੀਆਂ ਜਿਸ ਨਾਲ ਹਜ਼ਾਰਾਂ ਪੰਜਾਬ ਵਾਸੀਆਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਸੂਬੇ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਅਸੀਂ ਆਸ ਕਰਦੇ ਹਾਂ ਕਿ ਮਲੇਸ਼ੀਆ ਏਅਰਲਾਈਨਜ਼ ਆਉਣ ਵਾਲੇ ਮਹੀਨਿਆਂ ਵਿੱਚ ਅੰਮ੍ਰਿਤਸਰ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਦੋ ਤੋਂ ਹੋਰ ਵਧਾਏਗੀ, ਤਾਂ ਜੋ ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਪ੍ਰਵਾਸੀ ਪੰਜਾਬੀ ਕੁਆਲਾਲੰਪੁਰ ਰਾਹੀਂ ਪੰਜਾਬ ਆਉਣ ਲਈ ਸੁਵਿਧਾਜਨਕ ਯਾਤਰਾ ਕਰ ਸਕਣ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News