ਕੋਸੋਵੋ ''ਚ ਸਾਂਸਦਾਂ ਨੇ ਭੰਗ ਕੀਤੀ ਸੰਸਦ, ਜਲਦੀ ਹੋਣਗੀਆਂ ਚੋਣਾਂ

08/22/2019 5:20:31 PM

 ਪ੍ਰਿਸਟੀਨਾ (ਭਾਸ਼ਾ)— ਕੋਸੋਵੋ ਦੇ ਸਾਂਸਦਾਂ ਨੇ ਵੀਰਵਾਰ ਨੂੰ ਸੰਸਦ ਭੰਗ ਕਰਨ ਦੇ ਪੱਖ ਵਿਚ ਵੋਟਿੰਗ ਕੀਤੀ। ਇਸ ਮਗਰੋਂ ਇੱਥੇ ਜਲਦੀ ਚੋਣਾਂ ਹੋਣ ਦਾ ਰਸਤਾ ਸਾਫ ਹੋ ਗਿਆ। ਇਸ ਸਥਿਤੀ ਨੂੰ ਕੋਸੋਵੋ ਦੇ ਸਾਬਕਾ ਦੁਸ਼ਮਣ ਸਰਬੀਆ ਦੇ ਨਾਲ ਵਾਰਤਾ ਲਈ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਇਸ ਵਿਚ ਹੋਰ ਦੇਰੀ ਹੋਵੇਗੀ। ਕੋਸੋਵੋ ਦੇ ਬਾਹਰ ਜਾਣ ਵਾਲੇ ਪ੍ਰਧਾਨ ਮੰਤਰੀ ਰਾਮੁਸ਼ ਹਰਦਿਨਾਜ ਨੂੰ 'ਦੀ ਹੇਗ' ਦੀ ਇਕ ਅਦਾਲਤ ਨੇ ਤਲਬ ਕੀਤਾ ਸੀ। ਇਸ ਮਗਰੋਂ ਉਨ੍ਹਾਂ ਨੇ ਜੁਲਾਈ ਵਿਚ ਅਹੁਦਾ ਛੱਡ ਦਿੱਤਾ ਸੀ। ਇਸ ਦੇ ਬਾਅਦ ਹੁਣ ਵੋਟਿੰਗ ਹੋਈ ਹੈ।

ਗੌਰਤਲਬ ਹੈ ਕਿ ਹਰਦਿਨਾਜ ਅਤੀਤ ਵਿਚ ਅਲਬੇਨੀਆਈ ਬਾਗੀਆਂ ਦੇ ਕਮਾਂਡਰ ਰਹੇ, ਜਿਨ੍ਹਾਂ ਨੇ 1990 ਦੇ ਦਹਾਕੇ ਦੇ ਅਖੀਰ ਵਿਚ ਸਰਬੀਆ ਨਾਲ ਲੜਾਈ ਲੜੀ ਸੀ। ਅਦਾਲਤ ਨੇ ਉਸ ਸਮੇਂ ਦੇ ਅਪਰਾਧ ਮਾਮਲੇ ਵਿਚ ਹਰਦਿਨਾਜ ਨੂੰ ਤਲਬ ਕੀਤਾ ਹੈ। ਸੰਸਦ ਦੇ ਪ੍ਰਧਾਨ ਕਾਦਰੀ ਵੇਸੇਲੀ ਨੇ ਵੋਟਿੰਗ ਦੇ ਬਾਅਦ ਦੱਸਿਆ ਕਿ ਸੰਸਦ ਨੇ ਸਦਨ ਨੂੰ ਭੰਗ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਦ ਦੀ ਕੁੱਲ ਮੈਂਬਰ ਗਿਣਤੀ 120 ਹੈ ਅਤੇ ਇਨ੍ਹਾਂ ਵਿਚੋਂ 89 ਨੇ ਇਸ ਨੂੰ ਭੰਗ ਕਰਨ ਦੇ ਪੱਖ ਵਿਚ ਵੋਟਿੰਗ ਕੀਤੀ ਹੈ। 

ਵੋਟਿੰਗ ਦੌਰਾਨ 106 ਸਾਂਸਦ ਹੀ ਮੌਜੂਦ ਸਨ। ਹੁਣ ਰਾਸ਼ਟਰਪਤੀ ਨੂੰ 45 ਦਿਨ ਦੇ ਅੰਦਰ ਚੋਣਾਂ ਦਾ ਐਲਾਨ ਕਰਨਾ ਹੋਵੇਗਾ। ਕੋਸੋਵੋ ਵਿਚ 2017 ਵਿਚ ਸੰਸਦੀ ਚੋਣਾਂ ਹੋਈਆਂ ਸਨ, ਜਿਸ ਮਗਰੋਂ ਸਰਕਾਰ ਦੇ ਗਠਨ ਵਿਚ ਕਈ ਮਹੀਨੇ ਲੱਗੇ ਸਨ।


Vandana

Content Editor

Related News