ਬੈਲਜੀਅਮ ''ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ
Thursday, Nov 02, 2017 - 11:11 AM (IST)

ਬੈਲਜੀਅਮ(ਬਿਊਰੋ)— ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 4 ਨਵੰਬਰ ਨੂੰ ਮਨਾਇਆ ਜਾਵੇਗਾ। ਭਾਰਤ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਇਸ ਨੂੰ ਮਨਾਇਆ ਜਾ ਰਿਹਾ ਹੈ। ਕੈਨੇਡਾ, ਅਮਰੀਕਾ, ਬੈਲਜੀਅਮ, ਆਸਟਰੇਲੀਆ ਤੇ ਹੋਰ ਜਿਨ੍ਹਾਂ ਵੀ ਦੇਸ਼ਾਂ 'ਚ ਪੰਜਾਬੀ ਰਹਿ ਰਹੇ ਹਨ, ਇਸ ਧਾਰਮਿਕ ਦਿਹਾੜੇ ਨੂੰ ਮਨਾ ਰਹੇ ਹਨ। ਇਸੇ ਸੰਬੰਧ 'ਚ ਬੈਲਜੀਅਮ ਦੇ ਗੁਰਦੁਆਰਾ 'ਸੰਗਤ ਸਾਹਿਬ ਸੰਤਿਰੂਧਨ' ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਏ ਗਏ। ਇਸ ਵਿਚ ਫਰਾਂਸ ਤੋਂ ਆਈ ਗੱਤਕਾ ਪਾਰਟੀ ਨੇ ਆਪਣੇ ਜੌਹਰ ਦਿਖਾਏ ।
ਨਗਰ ਕੀਰਤਨ 12 ਕੁ ਵਜੇ ਆਰੰਭ ਹੋਏ ਅਤੇ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਸ਼ਹਿਰ ਦੀ ਮੇਅਰ ਫੇਰਲੇ ਹੇਰਨਸ ਅਤੇ ਉਨ੍ਹਾਂ ਦੇ ਸਾਥੀ ਜੁਰਗਨ ਰੈਂਨਰਸ ਤੇ ਬਰਤ ਸਟੇਪਲਮੰਸ ਵੀ ਨਗਰ ਕੀਰਤਨ 'ਚ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਵਿਸ਼ਵ ਜੰਗ 'ਚ ਸਿੱਖਾਂ ਵਲੋਂ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,''ਸਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸ਼ਹਿਰ 'ਚ ਸਿੱਖਾਂ ਦੀ ਵਸੋਂ ਜ਼ਿਆਦਾ ਹੈ, ਜਿਸ ਨਾਲ ਅਸੀਂ ਅੱਜ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ।'' ਗੁਰੂ ਘਰ ਵਲੋਂ ਪਤਵੰਤੇ ਤੇ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਸ਼ਾਮ ਤਕ ਕੀਤੀ ਗਈ।