ਟਰੰਪ ਤੇ ਕਿਮ ਦੀ ਇਤਿਹਾਸਕ ਮੁਲਾਕਾਤ ਦਾ ਕਾਉਂਟਡਾਉਨ ਹੋਇਆ ਸ਼ੁਰੂ
Tuesday, Jun 12, 2018 - 03:56 AM (IST)

ਸਿੰਗਾਪੁਰ— 2018 ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਘਟਨਾ ਦਾ ਕਾਉਂਟਡਾਉਨ ਸ਼ੁਰੂ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੁਲਾਕਾਤ ਸਿਰਫ ਕੁਝ ਘੰਟਿਆਂ ਬਾਅਦ ਹੋਣ ਵਾਲੀ ਹੈ। ਪੂਰੀ ਦੁਨੀਆ ਦੀ ਨਜ਼ਰ ਇਸ ਮੁਲਾਕਾਤ 'ਤੇ ਟਿਕੀ ਹੋਈ ਹੈ। ਅਜਿਹੇ 'ਚ ਸਵਾਲ ਇਹ ਚੁੱਕ ਹੁੰਦਾ ਹੈ ਕਿ ਕੀ 12 ਜੂਨ ਤੋਂ ਬਾਅਦ ਦੁਨੀਆ ਬਦਲੇਗੀ?
ਜਿਸ ਉੱਤਰ ਕੋਰੀਆ ਦੀ ਮੀਡੀਆ ਆਪਣੇ ਨੇਤਾ ਦੀਆਂ ਸਰਗਰਮੀਆਂ 'ਤੇ ਆਮਤੌਰ 'ਤੇ ਰੀਅਲ ਟਾਈਮ 'ਚ ਕੋਈ ਰਿਪੋਰਟ ਤਕ ਨਹੀਂ ਕਰਦੀ, ਉਸ ਦੇਸ਼ ਦੇ ਲੋਕਾਂ ਨੂੰ ਦੱਸ ਰਹੀ ਹੈ ਕਿ ਇਤਿਹਾਸਕ ਮੁਲਾਕਾਤ ਲਈ ਕਿਮ ਜੋਂਗ ਉਨ ਸਿੰਗਾਪੁਰ 'ਚ ਹਨ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਕਿਹਾ ਕਿ ਸਿੰਗਾਪੁਰ ਆਉਣਾ ਅਹਿਮ ਹੈ। ਕਿਮ ਜੋਂਗ ਏਅਰ ਚਾਇਨਾ ਦੇ ਜਹਾਜ਼ ਰਾਹੀਂ ਸਿੰਗਾਪੁਰ ਪਹੁੰਚੇ ਹਨ 'ਤੇ ਟਰੰਪ ਨੂੰ ਅਮਰੀਕਾ ਦਾ ਏਅਰ ਫੋਰਸ ਵਨ ਲੈ ਕੇ ਆਇਆ ਹੈ। ਇਸ ਮੁਲਾਕਾਤ 'ਚ ਕੋਈ ਕਮੀ ਨਾ ਰਹਿ ਜਾਵੇ ਇਸ ਲਈ ਮੇਜ਼ਬਾਨ ਸਿੰਗਾਪੁਰ ਵੀ ਜ਼ਬਰਦਸਤ ਤਿਆਰੀ ਕਰ ਚੁੱਕਾ ਹੈ। ਇਹ ਤਿਆਰੀ ਕਿੰਨੀ ਜ਼ਬਰਦਸਤ ਹੈ ਕਿ ਇਸਦਾ ਅੰਦਾਜਾ ਇਸ ਦੇ ਖਰਚੇ ਤੋਂ ਲਾਇਆ ਜਾ ਸਕਦਾ ਹੈ, ਤੁਹਾਨੂੰ ਦੱਸ ਦਈਏ ਕਿ ਭਾਰਤੀ ਰੁਪਏ 'ਚ ਇਸ ਮੁਲਾਕਾਤ ਦੀ ਤਿਆਰੀ ਦਾ ਖਰਚ ਕਰੀਬ 100 ਕਰੋੜ ਰੁਪਏ ਆਇਆ ਹੈ।
ਉੱਤਰ ਕੋਰੀਆ ਦੀ ਸਰਕਾਰੀ ਮੀਡੀਆ ਨੇ ਇਹ ਉਮੀਦ ਵੀ ਜ਼ਾਹਿਰ ਕੀਤੀ ਹੈ ਕਿ ਹੁਣ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ ਨਵੇਂ ਰਿਸ਼ਤੇ ਕਾਇਮ ਕਰ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵੀ ਕਿਹਾ ਕਿ ਉੱਤਰ ਕੋਰੀਆ ਨੂੰ ਅਮਰੀਕਾ ਅਜਿਹੀ ਸੁਰੱਖਿਆ ਗਰੰਟੀ ਦੇਣ ਨੂੰ ਤਿਆਰ ਹੈ ਤਾਂਕਿ ਉਨ੍ਹਾਂ ਨੂੰ ਲੱਗੇ ਕਿ ਪ੍ਰਮਾਣੂ ਹਥਿਆਰਬੰਦੀ ਤੋਂ ਉਨ੍ਹਾਂ ਦਾ ਅੰਤ ਨਹੀਂ ਹੋਣ ਜਾ ਰਿਹਾ। ਅਮਰੀਕਾ ਵਾਰ-ਵਾਰ ਇਸ਼ਾਰੇ ਕਰ ਰਿਹਾ ਹੈ ਕਿ ਟਰੰਪ-ਕਿਮ ਦੀ ਗੱਲ ਉਦੋਂ ਹੀ ਅੱਗੇ ਵਧੇਗੀ, ਜਦੋਂ ਉੱਤਰ ਕੋਰੀਆ ਪੂਰੀ ਤਰ੍ਹਾਂ ਪ੍ਰਮਾਣੂ ਹਥਿਆਰਬੰਦੀ ਲਈ ਰਾਜ਼ੀ ਹੋ ਜਾਵੇ। ਉਂਝ ਤਾਂ ਉੱਤਰ ਕੋਰੀਆ ਨੇ ਆਪਣੇ ਪ੍ਰਮਾਣੂ ਟੈਸਟ ਸਾਈਟ ਨੂੰ ਤਬਾਹ ਕਰ ਦਿੱਤਾ ਹੈ ਪਰ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਨੂੰ ਤਬਾਹ ਕਰਨਾ ਇਕ ਵੱਡੀ ਗੱਲ ਹੋਵੇਗੀ। ਇਸ ਨੂੰ ਲੈ ਕੇ ਕਿਮ ਨੇ ਹਾਲੇ ਰਾਜ ਨਹੀਂ ਖੋਲ੍ਹੇ ਹਨ।