ਪਾਕਿਸਤਾਨ : ਹਿੰਦੂ ਮੰਦਰ ਦਾ ਮੁੜ ਨਿਰਮਾਣ ਕਰੇਗੀ ਸੂਬਾ ਸਰਕਾਰ
Friday, Jan 01, 2021 - 07:43 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਉਸ ਹਿੰਦੂ ਮੰਦਰ ਦਾ ਮੁੜ ਨਿਰਮਾਣ ਕਰੇਗੀ ਜਿਸ ਦੀ ਇਸ ਹਫ਼ਤੇ ਦੇ ਸ਼ੁਰੂ ਵਿਚ ਭੀੜ ਨੇ ਤੋੜ-ਭੰਨ ਕੀਤੀ ਅਤੇ ਅੱਗ ਲਾ ਦਿੱਤੀ ਸੀ। ਸਿਹਤ ਕਾਰਡ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਖਾਨ ਨੇ ਕਿਹਾ ਕਿ ਸਰਕਾਰ ਨੇ ਮੰਦਰ ਦੀ ਮੁੜ ਉਸਾਰੀ ਦੇ ਆਦੇਸ਼ ਜਾਰੀ ਕੀਤੇ ਹਨ।
ਬੁੱਧਵਾਰ ਨੂੰ ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਦੇ ਪਿੰਡ ਟੇਰੀ ਦੇ ਮੰਦਰ 'ਤੇ ਹੋਏ ਹਮਲੇ ਨੂੰ ਲੈ ਕੇ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਨੇਤਾਵਾਂ ਸਣੇ ਸਾਰੇ ਪਾਸਿਓਂ ਆਲੋਚਨਾ ਹੋਣ ਮਗਰੋਂ ਸੂਬਾ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਖਾਨ ਨੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਰਾਖੀ ਕਰਨ ਦਾ ਵਚਨ ਦਿੱਤਾ ਅਤੇ ਕਿਹਾ ਕਿ ਪੁਲਸ ਨੇ ਮੰਦਰ ਹਮਲੇ ਵਿਚ ਸ਼ਾਮਲ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੰਦਰ ਨੂੰ ਢਾਹੁਣ ਲਈ ਜਿੰਮੇਵਾਰ 45 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਕੱਟੜਪੰਥੀ ਇਸਲਾਮਿਸਟ ਪਾਰਟੀ ਦੇ ਮੈਂਬਰ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਜਮੀਅਤ ਉਲੇਮਾ-ਏ-ਇਸਲਾਮ ਦੇ ਨੇਤਾ ਰਹਿਮਤ ਸਲਾਮ ਖੱਟਕ ਵੀ ਸ਼ਾਮਲ ਹਨ। ਗਵਾਹਾਂ ਅਨੁਸਾਰ, ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਸਥਾਨਕ ਅਧਿਕਾਰੀਆਂ ਵੱਲੋਂ ਇਸ ਦੀ ਦਹਾਕਿਆਂ ਪੁਰਾਣੀ ਇਮਾਰਤ ਦਾ ਨਵੀਨੀਕਰਨ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਭੀੜ ਨੇ ਮੰਦਰ 'ਤੇ ਹਮਲਾ ਕੀਤਾ। ਸਥਾਨਕ ਮੌਲਵੀ ਅਤੇ ਜਮੀਅਤ ਉਲੇਮਾ-ਇਸਲਾਮ ਪਾਰਟੀ (ਫਜ਼ਲ ਉਰ ਰਹਿਮਾਨ ਸਮੂਹ) ਦੇ ਸਮਰਥਕਾਂ ਦੀ ਅਗਵਾਈ ਵਿਚ ਭੀੜ ਨੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਵੇਂ ਉਸਾਰੇ ਗਏ ਢਾਂਚੇ ਨੂੰ ਢੇਹ-ਢੇਰੀ ਕਰ ਦਿੱਤਾ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਮਲੇ ਦਾ ਨੋਟਿਸ ਲੈਂਦਿਆਂ ਸਥਾਨਕ ਅਧਿਕਾਰੀਆਂ ਨੂੰ 5 ਜਨਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਗੌਰਤਲਬ ਹੈ ਕਿ ਹਿੰਦੂ ਪਾਕਿਸਤਾਨ ਵਿਚ ਸਭ ਤੋਂ ਘੱਟ ਗਿਣਤੀ ਹਨ। ਸਰਕਾਰੀ ਅਨੁਮਾਨਾਂ ਅਨੁਸਾਰ, ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ। ਹਾਲਾਂਕਿ, ਭਾਈਚਾਰੇ ਅਨੁਸਾਰ, ਦੇਸ਼ ਵਿਚ 90 ਲੱਖ ਤੋਂ ਵੱਧ ਹਿੰਦੂ ਰਹਿ ਰਹੇ ਹਨ। ਪਾਕਿਸਤਾਨ ਦੀ ਬਹੁਗਿਣਤੀ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿਚ ਹੈ।