ਖਾਲਿਦਾ ਜ਼ਿਆ ਦੀ ਪਾਰਟੀ ਨੇ ਸ਼ੇਖ ਹਸੀਨਾ ਦੀ ਗ੍ਰਿਫਤਾਰੀ ਤੇ ਮੁਕੱਦਮਾ ਚਲਾਉਣ ਦੀ ਕੀਤੀ ਮੰਗ
Thursday, Aug 15, 2024 - 06:22 PM (IST)
ਢਾਕਾ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਪਾਰਟੀ ਨੇ ਵੀਰਵਾਰ ਨੂੰ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਹਾਲ ਹੀ ਵਿਚ ਹੋਈ ਹਿੰਸਾ ਲਈ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਨੇੜਲੇ ਲੋਕਾਂ ਦੀ ਗ੍ਰਿਫਤਾਰੀ ਅਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ। ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੀ ਸਰਕਾਰ ਦੇ ਖਿਲਾਫ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਦੇਸ਼ ਛੱਡ ਦਿੱਤਾ ਸੀ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਢਾਕਾ ਮੈਟਰੋਪੋਲੀਟਨ ਇਕਾਈ ਦੇ ਵਰਕਰ ਅਤੇ ਸਮਰਥਕ ਆਪਣੀਆਂ ਮੰਗਾਂ ਨੂੰ ਲੈ ਕੇ ਬੈਤੁਲ ਮੁਕਰਮ ਨੈਸ਼ਨਲ ਮਸਜਿਦ ਦੇ ਦੱਖਣੀ ਗੇਟ, ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਦਫਤਰਾਂ ਦੇ ਸਾਹਮਣੇ ਤੇ ਸੈਂਟਰਲ ਮੀਨਾਰ 'ਤੇ ਇਕੱਠੇ ਹੋਏ। ਬੰਗਲਾਦੇਸ਼ ਵਿਚ ਪੰਜ ਅਗਲਤ ਨੂੰ ਹਸੀਨਾ ਸਰਕਾਰ ਡਿੱਗਣ ਤੋਂ ਬਾਅਦ ਦੇਸ਼ ਭਰ ਵਿਚ ਹਿੰਸਕ ਘਟਨਾਵਾਂ ਵਿਚ 230 ਤੋਂ ਵਧੇਰੇ ਲੋਕਆਂ ਦੀ ਮੌਤ ਹੋ ਗਈ, ਜਿਸ ਦੇ ਨਾਲ ਹੀ ਤਿੰਨ ਹਫਤੇ ਤੱਕ ਹੋਈ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ 500 ਹੋ ਗਈ। ਬੀਐੱਨਪੀ ਢਾਕਾ ਸਿਟੀ ਸਾਊਥ ਦੇ ਕਨਵੀਨਰ ਰਫੀਕੁਲ ਇਸਲਾਮ ਮਜਨੂੰ ਨੇ ਵੀਰਵਾਰ ਨੂੰ ਬੈਤੁਲ ਮੁਕਰਮ ਵਿਖੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਲਈ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਬੀਐੱਨਪੀ ਅਤੇ ਇਸ ਦੀਆਂ ਭਾਈਵਾਲ ਜਥੇਬੰਦੀਆਂ ਢਾਕਾ ਅਤੇ ਦੇਸ਼ ਭਰ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੀਆਂ ਹਨ। ਸਾਡੀ ਇੱਕ ਮੰਗ ਹੈ-ਫਾਸੀਵਾਦੀ ਤਾਨਾਸ਼ਾਹ ਸ਼ੇਖ ਹਸੀਨਾ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਵਿਚ ਬੇਰਹਿਮੀ ਨਾਲ ਨਸਲਕੁਸ਼ੀ ਕੀਤੀ ਹੈ।