ਸਾਹਿਤ ਸੁਰ ਸੰਗਮ ਸਭਾ ਵੱਲੋਂ ਪਰਵਾਸ ਦੇ ਯੂਰਪੀ ਵਿਸ਼ੇਸ਼ ਅੰਕ 'ਤੇ ਚਰਚਾ ਲਈ ਕਵੀ ਦਰਬਾਰ ਆਯੋਜਿਤ
Friday, Sep 16, 2022 - 12:19 PM (IST)
 
            
            ਰੋਮ (ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਵਲੋਂ ਤ੍ਰੈ ਮਾਸਿਕ ਪੱਤਰਕਾ ਪਰਵਾਸ ਦੇ 18ਵੇਂ ਯੂਰਪੀ ਵਿਸ਼ੇਸ਼ ਅੰਕ 'ਤੇ ਵਿਚਾਰ ਚਰਚਾ 'ਤੇ ਯੂਰਪੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ।ਜ਼ਿਕਰਯੋਗ ਹੈ ਕੇ ਇਸ ਅੰਕ ਵਿਚ ਯੂਰਪ ਦੇ ਲਗਭਗ ਗਿਆਰਾਂ ਮੁਲਕਾਂ ਦੇ 46 ਪਰਵਾਸੀ ਪੰਜਾਬੀ ਲੇਖਕਾਂ ਨੂੰ ਸ਼ਾਮਿਲ ਕੀਤਾ ਗਿਆ। ਜੂਮ ਐਪ ਰਾਹੀਂ ਆਨਲਾਈਨ ਹੋਈ ਇਸ ਇਕੱਤਰਤਾ ਵਿੱਚ ਇਟਲੀ, ਬੈਲਜੀਅਮ, ਜਰਮਨ, ਗ੍ਰੀਸ ਅਤੇ ਯੂ ਕੇ ਸਮੇਤ ਪੰਜਾਬ ਤੋਂ ਵੀ ਲੇਖਕਾਂ, ਆਲੋਚਕਾਂ ਤੇ ਬੁਧੀਜੀਵੀਆਂ ਨੇ ਭਾਗ ਲਿਆ। ਡਾਕਟਰ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਪ੍ਰਸਤੀ ਵਿੱਚ ਹੋਏ ਸਮਾਗਮ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕੀਤੀ।
ਪ੍ਰੋਗਰਾਮ ਦੀ ਅਰੰਭਤਾ ਵਿੱਚ ਸਮਾਗਮ ਦੇ ਸੰਚਾਲਕ ਦਲਜਿੰਦਰ ਰਹਿਲ ਵਲੋਂ ਪਰਵਾਸ, ਪਰਵਾਸੀ ਸਾਹਿਤ, ਲੇਖਕ ਅਤੇ ਇਸ ਤੇ ਕੰਮ ਕਰ ਰਹੀਆਂ ਸਭਾਵਾਂ ਸੰਸਥਾਵਾਂ ਦਾ ਜ਼ਿਕਰ ਕਰਦਿਆਂ ਇਸ ਇਕੱਤਰਤਾ ਦੇ ਉਦੇਸ਼ ਨੂੰ ਸਾਰਿਆਂ ਨਾਲ ਸਾਂਝਾ ਕੀਤਾ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਆਪਣੇ ਸਵਾਗਤੀ ਭਾਸ਼ਣ ਵਿੱਚ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਵਲੋਂ ਪਰਵਾਸੀ ਸਾਹਿਤ 'ਤੇ ਕੀਤੇ ਜਾ ਰਹੇ ਕੰਮ ਤੇ ਤਸੱਲੀ ਪ੍ਰਗਟਾਉਂਦਿਆਂ ਅਦਾਰੇ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨਾਂ ਨੂੰ ਵਧਾਈ ਦਿੰਦਿਆਂ ਇਸ ਅਦਾਰੇ ਵੱਲੋਂ ਯੂਰਪ ਵਿੱਚ ਵੱਸਦੇ ਪੰਜਾਬੀ ਲੇਖਕਾਂ ਵਾਰੇ ਯੂਰਪੀ ਵਿਸ਼ੇਸ ਅੰਕ ਕੱਢਣ 'ਤੇ ਧੰਨਵਾਦ ਕੀਤਾ।

ਡਾ. ਐਸ ਪੀ ਸਿੰਘ ਨੇ ਪ੍ਰਵਾਸੀ ਲੇਖਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕੇਂਦਰ ਵੱਲੋਂ ਪ੍ਰਵਾਸੀ ਸਾਹਿਤ ਅਤੇ ਲੇਖਕਾਂ ਪ੍ਰਤੀ ਨਿਰੰਤਰ ਕਾਰਜਸ਼ੀਲ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕੇ ਯੂਰਪੀ ਪੰਜਾਬੀ ਲੇਖਕਾਂ ਤੋਂ ਪੰਜਾਬੀ ਸਾਹਿਤ ਨੂੰ ਬਹੁਤ ਉਮੀਦਾਂ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕੇ ਸਾਹਿਤ ਇਕ ਸਮੂਹਿਕ ਕਾਰਜ਼ ਹੈ ਜੋ ਸਾਨੂੰ ਸੱਭ ਨੂੰ ਮਿਲਕੇ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਸਾਹਿਤ ਦਾ ਦੂਜੀਆਂ ਭਾਸ਼ਾਵਾਂ ਤੇ ਦੂਜੀਆਂ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਅਜੋਕੇ ਸਮੇਂ ਦੀ ਲੋੜ ਹੈ। ਉਨਾ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਯੂਰਪ ਵਿੱਚ ਵਸਦੇ ਲੇਖਕਾਂ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਕਿੰਗ ਚਾਰਲਸ ਛੱਡ ਦੇਣਗੇ ਆਪਣਾ ਤਾਜ! ਨੋਸਟ੍ਰਾਡੇਮਸ ਨੇ ਨਵੇਂ ਉਤਰਾਧਿਕਾਰੀ ਬਾਰੇ ਕੀਤੀ ਸੀ ਭਵਿੱਖਬਾਣੀ
ਸਮਾਗਮ ਵਿੱਚ ਸ਼ਾਮਿਲ ਹੋਰ ਸ਼ਖਸੀਅਤਾਂ ਵਿੱਚ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਡਾਕਟਰ ਤੇਜਦਿੰਰ ਕੌਰ, ਪ੍ਰੋਫੈਸਰ ਸ਼ਰਨਜੀਤ ਕੌਰ, ਕੇਹਰ ਸ਼ਰੀਫ ਜਰਮਨੀ ਅਤੇ ਗੁਰਪ੍ਰੀਤ ਕੌਰ ਗ੍ਰੀਸ ਵਲੋਂ ਯੂਰਪੀ ਵਿਸ਼ੇਸ ਅੰਕ 'ਤੇ ਬਹੁਤ ਮੁੱਲਵਾਨ ਟਿੱਪਣੀਆਂ ਕਰਦਿਆਂ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਇਨਕਲਾਬੀ ਸ਼ਾਇਰ ਅਵਤਾਰ ਪਾਸ਼ ਨੂੰ ਸਮੱਰਪਿਤ ਯੂਰਪੀ ਪੰਜਾਬੀ ਕਵੀ ਦਰਬਾਰ ਵਿੱਚ ਕੇਹਰ ਸ਼ਰੀਫ ਜਰਮਨੀ, ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਕੁਲਵੰਤ ਕੌਰ ਢਿੱਲੋਂ ਯੂ ਕੇ ,ਜੀਤ ਸੁਰਜੀਤ ਬੈਲਜੀਅਮ ਸਮੇਤ ਸਭਾ ਦੇ ਮੈਂਬਰਾਂ ਵਿੱਚੋਂ ਮੀਤ ਪ੍ਰਧਾਨ ਰਾਣਾ ਅਠੌਲਾ, ਬਿੰਦਰ ਕੋਲੀਆਂ ਵਾਲ, ਸਤਵੀਰ ਸਾਂਝ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੇਮਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ ,ਮਾਸਟਰ ਗੁਰਮੀਤ ਸਿੰਘ ਅਤੇ ਦਲਜਿੰਦਰ ਰਹਿਲ ਵਲੋਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਅੰਤ ਵਿੱਚ ਪ੍ਰੋਫੈਸਰ ਜਸਪਾਲ ਸਿੰਘ  ਇਟਲੀ ਵਲੋਂ ਸੱਭ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸੰਖੇਪ ਵਿੱਚ ਚਰਚਾ ਕੀਤੀ ਗਈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            