ਬ੍ਰਿਸਬੇਨ ''ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ

Thursday, Sep 30, 2021 - 09:06 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਇੱਥੇ ਸਾਹਿਤਕ ਖੇਤਰ ਵਿਚ ਸਰਗਰਮ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਕਮਿਊਨਿਟੀ ਰੇਡੀਓ ਫੋਰ ਈਬੀ 98.1 ਐੱਫ. ਐੱਮ. ਵਿਖੇ ਪੰਜਾਬੀ ਭਾਸ਼ਾ ਗਰੁੱਪ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਬੈਠਕ ਵਿਚ ਵੱਖ-ਵੱਖ ਸੰਸਥਾਵਾਂ ਤੋਂ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸੋਚ, ਉਦੇਸ਼ ਅਤੇ ਦ੍ਰਿਸ਼ਟੀਕੋਣ ਉੱਤੇ ਝਾਤ ਪਾਈ। ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਇੰਡੋਜ਼ ਟੀਵੀ ਦੇ ਟਿੱਪਣੀਕਾਰ ਦਲਜੀਤ ਸਿੰਘ ਨੇ ਕਿਹਾ ਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਸੁਪਨਾ ਪੂਰਨ ਮਨੁੱਖੀ ਆਜ਼ਾਦੀ ਦਾ ਸੀ। ਉਹਨਾਂ ਦਾ ਮਕਸਦ ਸਿਰਫ਼ ਅੰਗਰੇਜ਼ਾਂ ਨੂੰ ਕੱਢਣਾ ਹੀ ਨਹੀਂ ਸੀ, ਸਗੋਂ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਸੀ, ਜਿੱਥੇ ਬੰਦੇ ਹੱਥੋਂ ਬੰਦੇ ਦੀ ਲੁੱਟ ਨਾ ਹੋਵੇ।

ਇਸ ਮੌਕੇ ਮਾਝਾ ਯੂਥ ਕਲੱਬ ਵੱਲੋਂ ਪਹੁੰਚੇ ਗੁਰਵਿੰਦਰ ਕੌਰ ਨੇ ਭਗਤ ਸਿੰਘ ਨੂੰ ਮੋਹਰਲੀ ਕਤਾਰ ਦੇ ਨੌਜਵਾਨ ਸ਼ਹੀਦਾਂ ‘ਚ ਗਿਣਦਿਆਂ ਕਿਹਾ ਕਿ ਉਹਨਾਂ ਦਾ ਇਨਕਲਾਬੀ ਨਾਹਰਾ ਅੱਜ ਵੀ ਗੂੰਜ ਰਿਹਾ ਹੈ। ਹਰਮਨਦੀਪ ਗਿੱਲ ਅਨੁਸਾਰ ਸ਼ਹੀਦ ਭਗਤ ਸਿੰਘ ਦਲੇਰ ਹੋਣ ਦੇ ਨਾਲ-ਨਾਲ ਵੱਡਾ ਵਿਦਵਾਨ ਵੀ ਸੀ। ਛੋਟੀ ਉਮਰ ‘ਚ ਇੰਨਾ ਕੁੱਝ ਪੜ੍ਹਨਾ, ਲਿੱਖਣਾ ਅਤੇ ਉਸਤੇ ਹਕੀਕਤ ‘ਚ ਧਾਰਨਾਵਦੀ ਹੋਣਾ, ਉਸਨੂੰ ਪਰਮਗੁਣੀ ਬਣਾਉਂਦਾ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ, ਜਿਸ ਤੋਂ ਨੌਜਵਾਨਾਂ ਨੂੰ ਦੂਰ ਰਹਿ ਕੇ ਸ਼ਹਿਦਾਂ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ। ਸੰਸਥਾ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਕਿਹਾ ਕਿ 1931 ਤੋਂ ਲੈ ਕੇ ਅੱਜ ਵੀ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਸ਼ਹੀਦਾਂ ਦੇ ਇਨਕਲਾਬੀ ਸੁਪਨਿਆਂ ਤੋਂ ਪ੍ਰਭਾਵਿਤ ਰਹੀ ਹੈ।

ਭਗਤ ਸਿੰਘ ਦੀ ਬਰਾਬਰੀ ਵਾਲੀ ਸੋਚ ਸਿਰਫ਼ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੂਰੇ ਵਿਸ਼ਵ ‘ਚ ਸਲਾਮੀ ਜਾਂਦੀ ਰਹੀ ਹੈ। ਅੱਜ ਵੀ ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸ਼ਹੀਦ ਦੇ ਨਾਂ ਦੇ ਬੁੱਤ ਦੀ ਮੰਗ ਇਸ ਨੂੰ ਸਹੀ ਦਰਸਾਉਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨ ਖ਼ਹਿਰਾ, ਮੀਤ ਸਕੱਤਰ ਗੁਰਵਿੰਦਰ ਸਿੰਘ, ਪ੍ਰਧਾਨ ਵਰਿੰਦਰ ਅਲੀਸ਼ੇਰ, ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋਂ ਕਵਿਤਾਵਾਂ ਅਤੇ ਤਕਰੀਰਾਂ ਨਾਲ ਸ਼ਹੀਦਾਂ ਨੂੰ ਯਾਦ ਕਰਦਿਆਂ ਅਮਨਪ੍ਰੀਤ ਸਿੰਘ ਮਾਨ ਦੀ ਪੁਸਤਕ ‘ਉਮਰ ਕੈਦੀ’ ਨੂੰ ਲੋਕ ਅਰਪਣ ਕੀਤਾ ਗਿਆ। ਸੰਸਥਾ ਵੱਲੋਂ ਮਾਝਾ ਯੂਥ ਕਲੱਬ ਵੱਲੋਂ ਲਗਾਏ ਜਾ ਰਹੇ ਸਲਾਨਾ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਪੋਸਟਰ ਵੀ ਜਾਰੀ ਕੀਤਾ ਗਿਆ। ਸਟੇਜ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ (ਹਰਮਨ) ਵੱਲੋਂ ਬਖੂਬੀ ਕੀਤਾ ਗਿਆ।
 


cherry

Content Editor

Related News