'9 ਨਵੰਬਰ ਨੂੰ ਖੁੱਲ੍ਹੇਗਾ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ'

09/16/2019 8:18:16 PM

ਲਾਹੌਰ (ਏਜੰਸੀ)- ਪਾਕਿਸਤਾਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ ਹੈ ਕਿ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਲਈ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਾਜ਼ਾ ਤਣਾਅ ਵਿਚਕਾਰ ਇਹ ਐਲਾਨ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੂਰ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਲਈ ਸਥਾਨਕ ਅਤੇ ਵਿਦੇਸ਼ੀ ਪੱਤਰਕਾਰਾਂ ਦੀ ਪਹਿਲੀ ਫੇਰੀ ਦੌਰਾਨ ਕੀਤਾ ਗਿਆ। ਪ੍ਰਾਜੈਕਟ ਡਾਇਰੈਕਟਰ ਆਤੀਫ ਮਜੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲੇ ਤੱਕ ਲਾਂਘੇ ਦਾ 86 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਹ 9 ਨਵੰਬਰ ਨੂੰ ਖੋਲ੍ਹਿਆ ਜਾਵੇਗਾ।

ਮਜੀਦ ਨੇ ਕਿਹਾ ਕਿ ਵਿਕਾਸ ਕਾਰਜ ਅਗਲੇ ਮਹੀਨੇ ਤੱਕ ਮੁਕੰਮਲ ਹੋ ਜਾਣਗੇ। ਇਹ ਲਾਂਘਾ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਅਤੇ ਭਾਰਤ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਸਾਹਿਬ ਨੂੰ ਜੋੜੇਗਾ। ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਸਥਾਪਨਾ ਸਿੱਖਾਂ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ 1522 ਵਿਚ ਕੀਤੀ ਸੀ। ਇਸ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਦੇ ਸਿਰਫ ਪਰਮਿਟ ਹਾਸਲ ਕਰਕੇ ਆਵਾਜਾਈ ਦੀ ਸਹੂਲਤ ਮਿਲੇਗੀ। ਪਾਕਿਸਤਾਨ-ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਲਈ ਭਾਰਤੀ ਸਰਹੱਦ ਤੱਕ ਲਾਂਘੇ ਦੀ ਉਸਾਰੀ ਕਰ ਰਿਹਾ ਹੈ। ਜਦੋਂ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਤੋਂ ਦੂਜੇ ਹਿੱਸੇ ਤੱਕ ਦਾ ਨਿਰਮਾਣ ਭਾਰਤ ਵਲੋਂ ਕੀਤਾ ਜਾਵੇਗਾ।

ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਸਨ ਕਿ ਪਾਕਿਸਤਾਨ ਲਾਂਘੇ ਰਾਹੀਂ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਆਪਣੇ ਇਥੇ ਆਉਣ ਦੀ ਇਜਾਜ਼ਤ ਦੇਵੇਗਾ। ਇਹ ਭਾਰਤ-ਪਾਕਿਸਤਾਨ ਵਿਚਾਲੇ 1947 ਤੋਂ ਬਾਅਦ ਤੋਂ ਹੁਣ ਤੱਕ ਦਾ ਪਹਿਲਾ ਵੀਜ਼ਾ ਮੁਕਤ ਲਾਂਘਾ ਹੋਵੇਗਾ। ਪ੍ਰਾਜੈਕਟ ਡਾਇਰੈਕਟਰ ਮਾਜਿਦ ਨੇ ਕਿਹਾ ਕਿ ਹਰ ਦਿਨ ਭਾਰਤ ਤੋਂ 5000 ਸਿੱਖ ਸ਼ਰਧਾਲੂਆਂ ਦੇ ਆਉਣ ਲਈ ਲਗਭਗ 76 ਇੰਮੀਗ੍ਰੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਇਥੇ ਰੋਜ਼ਾਨਾ ਆਉਣ ਵਾਲੇ 10000 ਸ਼ਰਧਾਲੂਆਂ ਲਈ 152 ਇੰਮੀਗ੍ਰੇਸ਼ਨ ਸੈਂਟਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ ਭਾਰਤ ਤੋਂ ਰੋਜ਼ਾਨਾ 5000 ਸਿੱਖ ਸ਼ਰਧਾਲੂ ਆਉਣਗੇ ਅਤੇ ਬਾਅਦ ਵਿਚ ਇਹ ਗਿਣਤੀ ਵੱਧ ਕੇ 10000 ਹੋ ਜਾਵੇਗੀ। 
 


Sunny Mehra

Content Editor

Related News