ਬਾਈਡੇਨ ਅਤੇ ਸੁਗਾ ਵਿਚਾਲੇ ਹੋਈ ਬੈਠਕ, ਚੀਨ ''ਤੇ ਲਗਾਮ ਲਗਾਉਣ ਦੀ ਰਣਨੀਤੀ ''ਤੇ ਵਿਸ਼ੇਸ਼ ਚਰਚਾ
Saturday, Apr 17, 2021 - 05:59 PM (IST)
ਵਾਸ਼ਿੰਗਟਨ (ਬਿਊਰੋ): ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵ੍ਹਾਈਟ ਹਾਊਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਦੀ ਆਹਮੋ-ਸਾਹਮਣੇ ਬੈਠਕ ਹੋਈ।ਇਸ ਬੈਠਕ ਵਿਚ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਵੱਧਦੇ ਦਖਲ ਅਤੇ ਦਬਦਬੇ 'ਤੇ ਗੰਭੀਰ ਚਰਚਾ ਹੋਈ। ਇਸ ਦੇ ਨਾਲ ਦੋਹਾਂ ਨੇਤਾਵਾਂ ਨੇ ਕਵਾਡ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇੱਥੇ ਦੱਸ ਦਈਏ ਕਿ ਕਵਾਡ ਵਿਚ ਅਮਰੀਕਾ ਅਤੇ ਜਾਪਾਨ ਦੇ ਇਲਾਵਾ ਆਸਟ੍ਰੇਲੀਆ ਅਤੇ ਭਾਰਤ ਵੀ ਸ਼ਾਮਲ ਹਨ। ਗੌਰਤਲਬ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਸੁਗਾ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ, ਜਿਸ ਵਿਚ ਦੋਵੇਂ ਨੇਤਾ ਆਹਮੋ-ਸਾਹਮਣੇ ਦੀ ਬੈਠਕ ਕਰ ਰਹੇ ਹਨ।
ਚੀਨ 'ਤੇ ਗੰਭੀਰ ਚਰਚਾ
ਵ੍ਹਾਈਟ ਹਾਊਸ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਬਾਈਡੇਨ ਨਾਲ ਸੁਗਾ ਨੇ ਕਿਹਾ ਕਿ ਸਾਡੇ ਗਠਜੋੜ ਨੇ ਹਿੰਦ ਪ੍ਰਸ਼ਾਂਤ ਖੇਤਰ ਅਤੇ ਦੁਨੀਆ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੌਜੂਦਾ ਅੰਤਰਰਾਸ਼ਟਰੀ ਸਥਿਤੀ ਵਿਚ ਇਹ ਚੁਣੌਤੀਆਂ ਹੋਰ ਜਟਿਲ ਹੋਈਆਂ ਹਨ। ਅਜਿਹੇ ਵਿਚ ਸਾਡੇ ਗਠਜੋੜ ਦੀ ਮਹੱਤਤਾ ਹੋਰ ਵੱਧ ਗਈ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਦੋ-ਪੱਖੀ ਸੰਬੰਧਾਂ ਦੇ ਇਲਾਵਾ ਹਿੰਦ ਪ੍ਰਸ਼ਾਂਤ ਖੇਤਰ 'ਤੇ ਸੁਤੰਤਰ ਅਤੇ ਖੁੱਲ੍ਹ ਕੇ ਚਰਚਾ ਹੋਈ। ਸੁਗਾ ਨੇ ਕਿਹਾ ਕਿ ਅਸੀਂ ਪੂਰਬ ਅਤੇ ਦੱਖਣੀ ਚੀਨ ਸਾਗਰ ਵਿਚ ਬਲ ਜਾਂ ਜ਼ਬਰਦਸਤੀ ਨਾਲ ਸਥਿਤੀ ਬਦਲਣ ਅਤੇ ਖੇਤਰ ਵਿਚ ਦੂਜਿਆਂ ਨੂੰ ਡਰਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਨ ਲਈ ਸਹਿਮਤ ਹੋਏ ਹਾਂ।
ਪੜ੍ਹੋ ਇਹ ਅਹਿਮ ਖਬਰ - ਕੋਵਿਡ ਟੀਕਾਕਰਨ ਦੇ ਬਾਵਜੂਦ ਆਸਟ੍ਰੇਲੀਆਈ ਕੌਮਾਂਤਰੀ ਸਰਹੱਦਾਂ ਖੋਲ੍ਹਣ ਲਈ ਲੱਗੇਗਾ ਸਮਾਂ
ਸੁਗਾ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਦਬਦਬੇ ਨੂੰ ਕੰਟਰੋਲ ਕਰਨ ਲਈ ਠੋਸ ਕੋਸ਼ਿਸ਼ਾਂ 'ਤੇ ਗੰਭੀਰ ਵਾਰਤਾ ਹੋਈ। ਉਹਨਾਂ ਨੇ ਕਿਹਾ ਕਿ ਇਸ ਲਈ ਅਸੀਂ ਆਸੀਆਨ, ਆਸਟ੍ਰੇਲੀਆ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਅਤੇ ਖੇਤਰਾਂ ਨਾਲ ਵੀ ਸਹਿਯੋਗ ਕਰਾਂਗੇ। ਅਧਿਕਾਰਤ ਤੌਰ 'ਤੇ ਸਾਹਮਣੇ ਆਏ ਬਿਆਨ ਮੁਤਾਬਕ ਇਸ ਸਿਖਰ ਸੰਮੇਲਨ ਵਿਚ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ, ਕੋਰੋਨਾ ਦੀ ਰੋਕਥਾਮ ਦੇ ਉਪਾਅ ਅਤੇ ਜਲਵਾਯੂ ਤਬਦੀਲੀ ਜਿਹੇ ਮਾਮਲਿਆਂ ਬਾਰੇ ਚਰਚਾ ਹੋਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।