ਕੋਰੋਨਾ ਦੀ ਚਪੇਟ ''ਚ ਜਾਪਾਨ ਦਾ ਸੂਮੋ ਪਹਿਲਵਾਨ, ਤੇਜੀ ਨਾਲ ਵੱਧ ਰਹੇ ਮਾਮਲੇ
Friday, Apr 10, 2020 - 09:53 PM (IST)
ਟੋਕੀਓ — ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕਈ ਦੇਸ਼ ਇਸ ਨਾਲ ਲੜਨ ਲਈ ਮੁਸਕਿਲ ਤੋਂ ਮੁਸ਼ਕਿਲ ਕੋਸ਼ਿਸ਼ ਕਰ ਰਹੇ ਹਨ। ਭਾਰਤ, ਅਮਰੀਕਾ, ਬ੍ਰਿਟੇਨ ਸਣੇ ਸਾਰੇ ਦੇਸ਼ ਇਸ ਆਫਤ ਦਾ ਮੁਕਾਬਲਾ ਕਰ ਰਹੇ ਹਨ। ਇਸ ਦੌਰਾਨ ਜਾਪਾਨ ਦੇ ਸੂਮੋ ਪਹਿਲਵਾਨ ਦੇ ਕੋਰੋਨਾ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਾਪਾਨ ਸੂਮੋ ਸੰਘ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸੂਮੋ ਪਹਿਲਵਾਨ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਸ ਪਹਿਲਵਾਨ ਨੂੰ ਪਿਛਲੇ ਹਫਤੇ ਬੁਖਾਰ ਸੀ ਅਤੇ ਉਸ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਹਾਲਾਂਕਿ ਇਸ ਸੂਮੋ ਪਹਿਲਵਾਨ ਦੀ ਪਛਾਣ ਨਹੀਂ ਦੱਸੀ ਗਈ ਹੈ।
ਜਾਪਾਨ ਟਾਈਮ ਦੀ ਇਕ ਖਬਰ ਮੁਤਾਬਕ ਸੰਘ ਨੇ ਕਿਹਾ ਕਿ ਕਿਸੇ ਵੀ ਹੋਰ ਪਹਿਲਾਨ ਅਤੇ ਅਧਿਕਾਰੀ 'ਚ ਕੋਵਿਡ-19 ਦੇ ਲੱਛਣ ਨਹੀਂ ਪਾਏ ਗਏ ਹਨ। ਵਾਇਰਸ ਤੋਂ ਪੀੜਤ ਪਹਿਲਵਾਨ ਦੇ ਸੰਪਰਕ 'ਚ ਰਹਿਣ ਵਾਲੇ ਲੋਕਾਂ ਨੂੰ ਘਰ 'ਚ ਰਹਿਣ ਅਤੇ ਸਿਹਤ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਜਾਪਾਨ 'ਚ ਸੂਮੋ ਦਾ ਮੁਕਾਬਲਾ ਕਾਫੀ ਪ੍ਰਸਿੱਧ ਹੈ ਪਰ ਕੋਵਿਡ-19 ਦੇ ਕਾਰਣ ਉਸ ਨੂੰ ਆਪਣਾ ਇਕ ਟੂਰਨਾਮੈਂਟ ਬੰਦ ਸਟੇਡੀਅਮ 'ਚ ਆਯੋਜਿਤ ਕਰਨਾ ਪਿਆ। ਜਦਕਿ ਹੋਰ ਟੂਰਨਾਮੈਂਟ ਮੁਅੱਤਲ ਕਰ ਦਿੱਤੇ ਗਏ ਹਨ। ਐਸੋਸੀਏਸ਼ਨ ਪਹਿਲਾਂ ਹੀ ਗਰਮੀਆਂ 'ਚ ਹੋਣ ਵਾਲੇ ਟੂਰਨਾਮੈਂਟ ਨੂੰ 24 ਮਈ ਤਕ ਲਈ ਮੁਅੱਤਲ ਕਰ ਚੁੱਕੀ ਹੈ। ਉਥੇ ਹੀ ਇਕ ਟੂਰਨਾਮੈਂਟ ਮਾਰਚ 'ਚ ਖਾਲੀ ਸਟੇਡੀਅਮ 'ਚ ਖੋਲ੍ਹਿਆ ਗਿਆ ਸੀ।
ਜਾਪਾਨ 'ਚ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਫੁੱਟਬਾਲ ਅਤੇ ਬਾਕੀ ਖੇਡਾਂ ਦੇ ਟੂਰਨਾਮੈਂਟ ਵੀ ਰੱਦ ਕੀਤੇ ਜਾ ਚੁੱਕੇ ਹਨ। ਮੁਅੱਤਲ ਹੋਣ ਦੀ ਸ਼੍ਰੇਣੀ 'ਚ ਸਭ ਤੋਂ ਅਹਿਮ ਅਤੇ ਵੱਡੇ ਹਨ ਓਲੰਪਿਕ ਖੇਡ। ਕੋਰੋਨਾ ਮਹਾਮਾਰੀ ਕਾਰਣ ਓਲੰਪਿਕ ਨੂੰ ਇਕ ਸਾਲ ਲਈ ਟਾਲ ਦਿੱਤਾ ਗਿਆ ਹੈ। ਇਹ ਖੇਡ ਪਹਿਲਾਂ ਇਸੇ ਸਾਲ 24 ਜੁਲਾਈ 2020 ਤੋਂ 9 ਅਗਸਤ 2020 ਤਕ ਹੋਣ ਵਾਲੇ ਸਨ ਪਰ ਹੁਣ 23 ਜੁਲਾਈ 2021 ਤੋਂ 8 ਅਗਸਤ 2021 ਤਕ ਆਯੋਜਿਤ ਕੀਤੇ ਜਾਣ ਦਾ ਪ੍ਰਸਤਾਵ ਹੈ।
ਜਾਪਾਨ 'ਚ ਵਧ ਰਹੇ ਕੋਰੋਨਾ ਮਾਮਲੇ
ਦੂਜੇ ਪਾਸੇ ਜਾਪਾਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਜਾਨ ਹਾਪਕਿੰਸ ਦੇ ਕੋਰੋਨਾ ਟ੍ਰੈਕਰ ਮੁਤਾਬਕ ਜਾਪਾਨ 'ਚ ਕੋਰੋਨਾ ਵਇਰਸ ਤੋਂ ਪੀੜਕ ਕੁਲ ਲੋਕਾਂ ਦੀ ਗਿਣਤੀ 5500 ਦੇ ਪਾਰ ਜਾ ਚੁੱਕੀ ਹੈ, ਜਦਕਿ 99 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਕੋਰੋਨਾ ਕਾਰਣ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਈ ਸੂਬਿਆਂ 'ਚ ਐਮਰਜੰਸੀ ਐਲਾਨ ਕਰ ਦਿੱਤਾ ਹੈ ਜਿਸ 'ਚ ਰਾਜਧਾਨੀ ਟੋਕੀਓ ਅਤੇ ਓਸਾਕਾ ਵੀ ਸ਼ਾਮਲ ਹੈ। ਐਮਰਜੰਸੀ ਲੱਗਣ ਤੋਂ ਬਾਅਦ ਲੋਕਾਂ ਨੂੰ ਘਰ 'ਚ ਰਹਿਣ ਅਤੇ ਕਾਰੋਬਾਰੀ ਸਰਗਰਮੀਆਂ ਬੰਦ ਕਰਨ ਦਾ ਆਦੇਸ਼ ਦਿੱਤੇ ਗਏ ਹਨ ਤਾਂਕਿ ਭੀੜ੍ਹ ਨਾ ਇਕੱਠੀ ਹੋਵੇ।