ਜਾਪਾਨ 'ਚ ਤੂਫਾਨ 'ਜੇਬੀ' ਦਾ ਕਹਿਰ, 10 ਦੀ ਮੌਤ, 800 ਉਡਾਣਾਂ ਰੱਦ
Wednesday, Sep 05, 2018 - 02:55 PM (IST)

ਟੋਕੀਓ (ਬਿਊਰੋ)— ਜਾਪਾਨ ਵਿਚ ਮੰਗਲਵਾਰ ਨੂੰ ਬੀਤੇ 25 ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ 'ਜੇਬੀ' ਆਇਆ। ਦੇਸ਼ ਵਿਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 200 ਲੋਕ ਜ਼ਖਮੀ ਹੋਏ ਹਨ। ਤੇਜ਼ ਹਵਾਵਾਂ ਨੇ ਮਕਾਨਾਂ ਦੀਆਂ ਛੱਤਾਂ ਨੂੰ ਉੱਡਾ ਦਿੱਤਾ, ਪੁਲਾਂ 'ਤੇ ਖੜ੍ਹੇ ਟਰੱਕ ਪਲਟ ਗਏ ਅਤੇ ਓਸਾਕਾ ਖਾੜੀ ਵਿਚ ਖੜ੍ਹਾ ਟੈਂਕਰ ਜਹਾਜ਼ ਵੀ ਉੱਡ ਗਿਆ। ਟੈਂਕਰ ਦੇ ਇਕ ਪੁਲ ਨਾਲ ਟਕਰਾਉਣ ਅਤੇ ਪੁਲ ਦੇ ਨੁਕਸਾਨੇ ਜਾਣ ਕਾਰਨ ਕੰਸਾਈ ਅੰਤਰਰਾਸ਼ਟਰੀ ਹਵਾਈ ਅੱਡਾ ਮੁੱਖ ਟਾਪੂ ਤੋਂ ਵੱਖ ਹੋ ਗਿਆ। ਇਸ ਕਾਰਨ ਕਰੀਬ 3,000 ਲੋਕ ਫਸ ਗਏ ਹਨ।
Japan hit by strongest storm for 25 years, typhoon Jebi (台風21号) 🎬 credits: @engr_raheemi. Send your #severeweather reports to community@windy.com pic.twitter.com/MiOKNkMksY
— Windy (@windyforecast) September 5, 2018
800 ਉਡਾਣਾਂ ਕੀਤੀਆਂ ਗਈਆਂ ਰੱਦ
ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੁਲ ਨੂੰ ਪਹੁੰਚੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਭਾਵੇਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਯਾਤਰੀ ਕਦੋਂ ਤੱਕ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ। ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਹਵਾਈ ਅੱਡੇ 'ਤੇ ਪਾਣੀ ਭਰ ਗਿਆ, ਜਿਸ ਕਾਰਨ ਕਰੀਬ 800 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਰਾਹਤ ਅਤੇ ਬਚਾਅ ਕੰਮ ਜਾਰੀ
ਤੂਫਾਨ ਕਾਰਨ ਮੁੱਖ ਹਵਾਈ ਅੱਡੇ 'ਤੇ ਫਸੇ ਹਜ਼ਾਰਾਂ ਲੋਕਾਂ ਨੂੰ ਕਿਸ਼ਤੀ ਜ਼ਰੀਏ ਬਾਹਰ ਕੱਢਿਆ ਜਾ ਰਿਹਾ ਹੈ। ਬੁੱਧਵਾਰ ਨੂੰ ਦੁਪਹਿਰ ਤੱਕ ਸੈਂਕੜੇ ਲੋਕਾਂ ਨੂੰ ਇਕ ਵਿਸ਼ੇਸ਼ ਕਿਸ਼ਤੀ ਜ਼ਰੀਏ ਕੋਬ ਲਿਜਾਇਆ ਗਿਆ। ਪਰ ਹਾਲੇ ਵੀ ਹਜ਼ਾਰਾਂ ਲੋਕ ਬਾਹਰ ਕੱਢੇ ਜਾਣ ਦੇ ਇੰਤਜ਼ਾਰ ਵਿਚ ਹਨ। ਇਕ ਦਿਨ ਵਿਚ 400 ਤੋਂ ਵਧੇਰੇ ਜਹਾਜ਼ਾਂ ਦੀ ਆਵਾਜਾਈ ਵਾਲਾ ਕੰਸਾਈ ਅੰਤਰਰਾਸ਼ਟਰੀ ਹਵਾਈ ਅੱਡਾ ਕਦੋਂ ਖੁੱਲ੍ਹੇਗਾ ਇਸ ਦੇ ਕੋਈ ਸੰਕੇਤ ਨਹੀਂ ਹਨ।