ਇਸ ਦੇਸ਼ ''ਚ ਇਕ ਮਹੀਨੇ ''ਚ ਖੁਦਕੁਸ਼ੀ ਦੇ 2000 ਤੋਂ ਵੱਧ ਮਾਮਲੇ, ਡਾਟਾ ਜਾਰੀ

Sunday, Nov 29, 2020 - 06:02 PM (IST)

ਟੋਕੀਓ (ਬਿਊਰੋ): ਜਾਪਾਨ ਵਿਚ ਵੱਡੀ ਗਿਣਤੀ ਵਿਚ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਸਿਰਫ ਅਕਤੂਬਰ 2020 ਵਿਚ ਜਾਪਾਨ ਵਿਚ ਜਿੱਥੇ ਖੁਦਕੁਸ਼ੀ ਕੀਤੇ ਜਾਣ ਨਾਲ 2153 ਲੋਕਾਂ ਦੀ ਮੌਤ ਹੋ ਗਈ, ਉੱਥੇ ਕੋਰੋਨਾ ਨਾਲ ਜਾਪਾਨ ਵਿਚ ਕੁੱਲ ਮੌਤਾਂ ਦੀ ਗਿਣਤੀ ਹੁਣ ਤੱਕ 2087 ਹੈ ਮਤਲਬ ਪੂਰੇ ਸਾਲ ਵਿਚ ਕੋਰੋਨਾ ਨਾਲ ਜਿੰਨੀਆਂ ਮੌਤਾਂ ਹੋਈਆਂ, ਉਸ ਨਾਲੋਂ ਕਿਤੇ ਜ਼ਿਆਦਾ ਸਿਰਫ ਇਕ ਮਹੀਨੇ ਵਿਚ ਖੁਦਕੁਸ਼ੀ ਨਾਲ ਹੋਈਆਂ। 

ਜਾਪਾਨ ਸਰਕਾਰ ਨੇ ਖੁਦ ਖੁਦਕੁਸ਼ੀ ਦਾ ਡਾਟਾ ਜਾਰੀ ਕੀਤਾ ਹੈ। ਜਾਪਾਨ ਦੀ ਆਬਾਦੀ ਕਰੀਬ 12 ਕਰੋੜ ਹੈ। ਇੱਥੇ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ ਇਕ ਲੱਖ 42 ਹਜ਼ਾਰ ਹਨ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ, ਕੋਰੋਨਾ ਨਾਲ ਜਾਪਾਨ ਵਿਚ ਸਿਰਫ 2087 ਲੋਕਾਂ ਦੀ ਮੌਤ ਹੋਈ ਹੈ ਪਰ ਮਹਾਮਾਰੀ ਕਾਰਨ ਕਾਫੀ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾ ਦੇ ਕਾਰਨ ਲੋਕ ਤਣਾਅ ਵਿਚ ਹਨ ਅਤੇ ਕਾਫੀ ਲੋਕਾਂ ਦੀ ਤਨਖਾਹ ਵੀ ਘੱਟ ਕਰ ਦਿੱਤੀ ਗਈ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਮਾਨਸਿਕ ਸਿਹਤ ਸੰਕਟ ਪੈਦਾ ਹੋ ਸਕਦਾ ਹੈ। ਵੱਡੇ ਪੱਧਰ 'ਤੇ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਸੋਸ਼ਲ ਆਈਸੋਲੇਸ਼ਨ ਦੇ ਸ਼ਿਕਾਰ ਹੋ ਸਕਦੇ ਹਨ ਅਤੇ ਚਿੰਤਾਵਾਂ ਨਾਲ ਸੰਘਰਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ 'ਚ ਵੀ ਕੋਰੋਨਾ ਵੈਕਸੀਨ ਨੂੰ ਦਿੱਤੀ ਜਾਵੇਗੀ ਮਨਜ਼ੂਰੀ : ਚੀਫ ਹੈਲਥ ਐਡਵਾਈਜ਼ਰ

ਜਾਪਾਨ ਦੁਨੀਆ ਦੇ ਉਹਨਾਂ ਚੋਣਵੇਂ ਦੇਸ਼ਾਂ ਵਿਚੋਂ ਹੈ ਜਿੱਥੇ ਸਮੇਂ-ਸਮੇਂ 'ਤੇ ਖੁਦਕੁਸ਼ੀ ਡਾਟਾ ਜਾਰੀ ਕੀਤਾ ਜਾਂਦਾ ਹੈ। ਅਮਰੀਕੀ ਸਰਕਾਰ ਨੇ 2018 ਦੇ ਬਾਅਦ ਤੋਂ ਖੁਦਕੁਸ਼ੀ ਡਾਟਾ ਜਾਰੀ ਨਹੀਂ ਕੀਤੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜਾਪਾਨ ਦੇ ਖੁਦਕੁਸ਼ੀ ਦੇ ਅੰਕੜਿਆਂ ਨਾਲ ਹੋਰ ਦੇਸ਼ਾਂ ਦੇ ਹਾਲਾਤ ਨਾਲ ਜੁੜੇ ਸੰਕੇਤ ਵੀ ਮਿਲ ਸਕਦੇ ਹਨ। ਟੋਕੀਓ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਤੇ ਖੁਦਕੁਸ਼ੀ ਮਾਮਲਿਆਂ ਦੇ ਮਾਹਰ ਮਿਸ਼ਿਕੋ ਉਏਡਾ ਨੇ ਕਿਹਾ ਕਿ ਜਾਪਾਨ ਵਿਚ ਤਾਲਾਬੰਦੀ ਵੀ ਨਹੀਂ ਸੀ। ਇੱਥੇ ਕੋਰੋਨਾ ਦਾ ਸਰ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਸੀ ਫਿਰ ਵੀ ਖੁਦਕੁਸ਼ੀ ਦੇ ਅੰਕੜਿਆਂ ਵਿਚ ਵਾਧਾ ਹੋਇਆ। ਇਸ ਨਾਲ ਇਹ ਪਤਾ ਚੱਲਦਾ ਹੈ ਕਿ ਹੋਰ ਦੇਸ਼ਾਂ ਵਿਚ ਖੁਦਕੁਸ਼ੀ ਦੇ ਅੰਕੜਾ ਸ਼ਾਇਦ ਇਸ ਨਾਲੋਂ ਵੀ ਵੱਧ ਹੋਵੇਗਾ। 

ਭਾਵੇਂਕਿ ਜਾਪਾਨ ਵਿਚ ਪਹਿਲਾਂ ਤੋਂ ਖੁਦਕੁਸ਼ੀ ਦੀ ਦਰ ਵੱਧ ਰਹੀ ਹੈ। 2016 ਵਿਚ ਖੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਇਕ ਲੱਖ ਲੋਕਾਂ 'ਤੇ 18.5 ਸੀ। ਦੱਖਣੀ ਕੋਰੀਆ ਦੇ ਬਾਅਦ ਇੱਥੇ ਦਰ ਦੁਨੀਆ ਵਿਚ ਸਭ ਤੋਂ ਵੱਧ ਸੀ।ਗਲੋਬਲ ਪੱਧਰ 'ਤੇ ਖੁਦਕੁਸ਼ੀ ਦੀ ਦਰ ਪ੍ਰਤੀ ਇਕ ਲੱਖ 'ਤੇ 10.6 ਸੀ। 2019 ਵਿਚ ਜਾਪਾਨ ਵਿਚ ਕੁੱਲ 20 ਹਜ਼ਾਰ ਲੋਕਾਂ ਦੀ ਮੌਤ ਖੁਦਕੁਸ਼ੀ ਨਾਲ ਹੋ ਗਈ। ਉੱਥੇ ਪਿਛਲੇ ਸਾਲ ਦੇ ਅਕਤੂਬਰ ਦੇ ਮੁਕਾਬਲੇ ਇਸ ਸਾਲ ਅਕਤੂਬਰ ਵਿਚ ਬੀਬੀਆਂ ਵਿਚ ਖੁਦਕੁਸ਼ੀ ਦੀ ਦਰ 83 ਫੀਸਦੀ ਵੱਧ ਗਈ ਜਦਕਿ ਪੁਰਸ਼ਾਂ ਵਿਚ ਖੁਦਕੁਸ਼ੀ ਦੇ ਮਾਮਲੇ 23 ਫੀਸਦੀ ਵੱਧ ਗਏ। ਇਸ ਨਾਲ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮਹਾਮਾਰੀ ਦੀ ਮਾਰ ਬੀਬੀਆਂ 'ਤੇ ਜ਼ਿਆਦਾ ਪਈ ਹੈ।


Vandana

Content Editor

Related News