ਬਿਨਾਂ ਪਾਸਪੋਰਟ ਤੋਂ ਇਟਲੀ ''ਚ ਰਹਿ ਰਹੇ ਭਾਰਤੀਆਂ ਦੀ ਮਦਦ ਲਈ ਵਿਸ਼ੇਸ਼ ਕੈਂਪ 13 ਜੂਨ ਤੋਂ

06/11/2020 9:51:58 PM

ਰੋਮ ਇਟਲੀ, (ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ) : ਇਟਲੀ ਵਿੱਚ ਜਦੋਂ ਵੀ ਇਮੀਗ੍ਰੇਸ਼ਨ ਖੁੱਲਦੀ ਹੈ ਤਾਂ ਬਿਨਾਂ ਪਾਸਪੋਰਟ ਵਾਲੇ ਭਾਰਤੀਆਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਨਵਾਂ ਪਾਸਪੋਰਟ ਲੈਣ ਲਈ ਅਨੇਕਾਂ ਪਾਪੜ ਵੇਲਣੇ ਪੈਂਦੇ ਤਾਂ ਕਿਤੇ ਜਾ ਉਨ੍ਹਾਂ ਦੇ ਠੂਠੇ ਖ਼ੈਰ ਪੈਂਦੀ ਸੀ ਪਰ ਇਸ ਵਾਰ ਅਜਿਹਾ ਕੁਝ ਨਹੀ ਹੋਇਆ ਸਗੋਂ ਭਾਰਤੀ ਅੰਬੈਸੀ ਖ਼ੁਦ ਆਪ ਬਿਨਾਂ ਪਾਸਪੋਰਟ ਦੇ ਭਾਰਤੀਆਂ ਨੂੰ ਪਾਸਪੋਰਟ ਦੇਣ ਲਈ ਵਿਸ਼ੇਸ ਪਾਸਪੋਰਟ ਕੈਂਪਾਂ ਦਾ ਆਯੋਜਨ ਕਰ ਰਹੀ ਹੈ । ਇਸ ਸਬੰਧ ਵਿਚ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤੀ ਅੰਬੈਂਸੀ ਰੋਮ ਵੱਲੋ ਇਕ ਸ਼ਲਾਘਾਯੋਗ ਪਹਿਲ ਕਦਮੀ ਕਰਦਿਆਂ ਵਿਸ਼ੇਸ ਕੈਂਪ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਹਰ ਵਿਅਕਤੀ ਪਾਸਪੋਰਟ ਪ੍ਰਾਪਤ ਕਰ ਸਕੇ। ਇਸ ਸਬੰਧ ਵਿਚ ਭਾਰਤੀ ਅੰਬੈਂਸੀ ਰੋਮ ਵੱਲੋਂ 13 ਜੂਨ ਨੂੰ ਵਿਸ਼ੇਸ਼ ਪਾਸਪੋਰਟ ਕੈਂਪ ਅੰਬੈਂਸੀ ਰੋਮ ਵਿਖੇ ਸਵੇਰੇ 9 ਵਜੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਉਚੇਚੇ ਤੌਰ 'ਤੇ ਉਹਨਾਂ ਭਾਰਤੀਆਂ ਦੀਆਂ ਅਰਜ਼ੀਆਂ ਲੈ ਕੇ ਉਸੇ ਦਿਨ ਅਥਾਰਟੀ ਪੱਤਰ ਦਿੱਤੇ ਜਾਣਗੇ, ਜਿਨ੍ਹਾਂ ਕੋਲ ਪਾਸਪੋਰਟ ਨਹੀ ਹਨ।

ਇਸ ਪ੍ਰਕਿਆ ਵਿੱਚ ਹੁਣ ਤੱਕ ਅੰਬੈਂਸੀ ਵੱਲੋਂ 800 ਭਾਰਤੀਆਂ ਨੂੰ ਅਥਾਰਟੀ ਪੱਤਰ ਜਾਰੀ ਵੀ ਹੋ ਚੁੱਕੇ ਹਨ ।ਇਟਲੀ 'ਚ ਬਿਨਾ ਪਾਸਪੋਰਟ ਦੇ ਪਰਵਾਸ ਹੰਢਾਅ ਰਹੇ ਭਾਰਤੀਆਂ ਨੂੰ ਇਟਲੀ ਦੇ ਪੇਪਰ ਲੈਣ ਵਿੱਚ ਭਾਰਤੀ ਅੰਬੈਂਸੀ ਰੋਮ ਦਾ ਸਮੂਹ ਸਟਾਫ਼ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ  ਦੀ ਯੋਗ ਅਗਵਾਈ ਵਿੱਚ ਬਹੁਤ ਹੀ ਸਰਲ ਤੇ ਸੁਹਿਰਦ ਢੰਗ ਨਾਲ ਪਾਸਪੋਰਟ ਸੰਬਧੀ ਸੱਮਸਿਆਵਾਂ ਨੂੰ ਨਜਿੱਠ ਰਿਹਾ ਹੈ ਤਾਂ ਜੋ ਇਟਲੀ ਦੇ ਹਰ ਗੈਰ ਕਾਨੂੰਨੀ ਭਾਰਤੀ ਨੂੰ ਪੇਪਰ ਮਿਲ ਸਕਣ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਰੀਨਤ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਹਰ ਉਸ ਭਾਰਤੀ ਦੀ ਹਰ ਸੰਭਵ ਮਦਦ ਕਰਨਾ ਹੈ, ਜਿਸ ਕੋਲ ਭਾਰਤੀ ਪਾਸਪੋਰਟ ਨਹੀ ਹੈ। ਉਹ ਚਾਹੁੰਦੇ ਹਨ ਕਿ ਭਾਰਤੀ ਨੌਜਵਾਨ ਪੇਪਰ ਲੈ ਕੇ ਆਪਣੇ ਕਈ ਸਾਲਾਂ ਤੋਂ ਵਿੱਛੜੇ ਪਰਿਵਾਰ ਨੂੰ ਮਿਲਣ ਤਾਂ ਜੋ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ। 13 ਜੂਨ ਵਾਲੇ ਵਿਸ਼ੇਸ਼ ਪਾਸਪੋਰਟ ਕੈਂਪ ਵਿੱਚ ਜਾਣ ਲਈ ਲੋੜਵੰਦ ਭਾਰਤੀ ਨੌਜਵਾਨਾਂ ਨੂੰ ਕੋਈ ਮਿਲਣ ਦਾ ਸਮਾਂ ਲੈਣ ਦੀ ਲੋੜ ਨਹੀਂ ਹੈ, ਬਸ ਸਾਰੇ ਜ਼ਰੂਰੀ ਪੇਪਰ ਲੈ ਕੇ ਸਮੇਂ ਸਿਰ ਪਹੁੰਚਣ ਤਾਂ ਜੋ ਸਭ ਨੂੰ ਅਥਾਰਟੀ ਪੱਤਰ ਮਿਲ ਸਕੇ। ਇਹ ਵਿਸ਼ੇਸ ਕੈਂਪ ਸਿਰਫ ਇਮੀਗਰੇਸ਼ਨ ਨਾਲ ਸਬੰਧਿਤ ਲੋਕਾਂ ਲਈ ਹੀ ਲਗਾਏ ਜਾ ਰਹੇ ਹਨ, ਸਮੂਹ ਵਿਅਕਤੀ ਜੋ ਕੱਚੇ ਤੌਰ 'ਤੇ ਇਟਲੀ ਵਿਚ ਹਨ, ਉਹ ਅਪਣੀਆਂ ਅਰਜ਼ੀਆਂ ਇਨ੍ਹਾਂ ਕੈਪਾਂ 'ਚ ਦੇ ਕੇ ਆਪਣੇ ਪਾਸਪੋਰਟ ਦੀ ਪ੍ਰਕਿਆ ਨੂੰ ਅਮਲ ਵਿਚ ਲਿਆ ਸਕਦੇ ਹਨ । 
ਦੱਸਣਯੋਗ ਹੈ ਕਿ ਜਿਥੇ ਹਰ ਪਾਸੇ ਕੋਰੋਨਾ ਵਾਇਰਸ ਕਾਰਨ ਹਰ ਸ਼ਖਸ ਬਾਹਰ ਨਿਕਲਣ ਤੋਂ ਡਰਦਾ ਹੈ, ਇਹੋ ਜਿਹੇ ਮਾਹੌਲ 'ਚ ਭਾਰਤੀ ਅੰਬੈਂਸੀ ਰੋਮ ਵੱਲੋਂ ਆਪਣੇ ਨਾਗਰਿਕਾਂ ਦੀ ਮਦਦ ਲਈ ਇਸ ਤਰ੍ਹਾਂ ਖੁੱਲ ਕੇ ਸਾਹਮਣੇ ਆਉਣਾ ਇਕ ਦਲੇਰੀ ਅਤੇ ਮਜ਼ਬੂਤ ਪ੍ਰਸਾਸ਼ਨਿਕ ਅਧਾਰ ਵੱਲ ਸੰਕੇਤ ਕਰਦਾ ਹੈ। ਪਾਸਪੋਰਟ ਬਣਾਉਣ ਵਾਲੇ ਭਾਰਤੀ ਵਧੇਰੇ ਜਾਣਕਾਰੀ ਲਈ ਭਾਰਤੀ ਅੰਬੈਂਸੀ ਰੋਮ ਦੇ ਫੇਸਬੁੱਕ ਲਿੰਕ ਜਾ ਸਾਈਟ 'ਤੇ  ਜਾ ਸਕਦੇ ਹਨ ਜਾਂ ਫਿਰ ਸਬੰਧਿਤ ਧਾਰਮਿਕ ਸਥਾਨਾਂ ਦੇ ਨੁਮਾਇਦਿਆਂ ਨਾਲ ਸੰਪਰਕ ਕਰ ਸਕਦੇ ਹਨ। ਇਸ ਕਾਰਜ ਲਈ ਰੋਮ ਅੰਬੈਂਸੀ ਵੱਲੋਂ ਵਲੰਟੀਅਰ ਵੀ ਨਿਯੁਕਤ ਕੀਤੇ ਗਏ ਹਨ, ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਕਾਰਜਾਂ ਰਾਹੀਂ ਸੇਵਾ ਨਿਭਾਅ ਰਹੇ ਹਨ।

 


Deepak Kumar

Content Editor

Related News