24 ਘੰਟਿਆਂ ਦੌਰਾਨ ਇਟਲੀ ''ਚ ਕੋਰੋਨਾ ਕਾਰਨ 993 ਲੋਕਾਂ ਦੀ ਮੌਤ, ਬਣਿਆ ਡਰ ਦਾ ਮਾਹੌਲ
Friday, Dec 04, 2020 - 05:09 PM (IST)
ਰੋਮ, ( ਕੈਂਥ)- ਭਾਵੇਂ ਕੋਰੋਨਾ ਵਾਇਰਸ ਦਾ ਕਹਿਰ ਇਟਲੀ ਵਿਚ ਪਿਛਲੇ ਦਿਨਾਂ ਨਾਲੋਂ ਥੋੜ੍ਹਾ ਜਿਹਾ ਘੱਟ ਰਿਹਾ ਹੈ ਪਰ ਹਾਲਾਤ ਹਾਲੇ ਵੀ ਨਾਜ਼ੁਕ ਹੀ ਬਣੇ ਹੋਏ ਹਨ। ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਇਸ ਨਾਲ ਕਾਫ਼ੀ ਦੇਸ਼ਾਂ ਵਿਚ ਜਾਨੀ ਨੁਕਸਾਨ ਵੀ ਜ਼ਿਆਦਾ ਤਾਦਾਦ ਵਿਚ ਹੋਇਆ ਹੈ।
ਚੀਨ ਦੇ ਸ਼ਹਿਰ ਵੂਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਜਦੋਂ ਇਟਲੀ ਵਿਚ ਦਸਤਕ ਦਿੱਤੀ ਸੀ ਤਾਂ ਇਟਲੀ ਵਾਲਿਆਂ ਨੇ ਸੋਚਿਆ ਵੀ ਨਹੀਂ ਸੀ। ਇਸ ਕੋਰੋਨਾ ਵਾਇਰਸ ਦੀ ਨਾਮੁਰਾਦ ਬੀਮਾਰੀ ਨਾਲ ਉਨ੍ਹਾਂ ਨੂੰ ਇੰਨੇ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋਵੇਗਾ। ਸਭ ਤੋਂ ਵੱਧ ਨੁਕਸਾਨ ਇਟਲੀ ਦੇ ਲੰਬਾਰਦੀਆ ਸੂਬੇ ਵਿਚ ਹੋਇਆ ਸੀ। ਜਿੱਥੇ ਕਿ ਬੈਰਗਾਮੋ ਸ਼ਹਿਰ ਵਿਚ ਮਾਰਚ ਦੇ ਮਹੀਨੇ ਜ਼ਿਆਦਾ ਮੌਤਾਂ ਹੋਣ ਕਾਰਨ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਨ। ਸਰਕਾਰ ਨੂੰ ਇਨ੍ਹਾਂ ਲਾਸ਼ਾਂ ਨੂੰ ਸਮੇਟਣ ਲਈ ਫ਼ੌਜ ਦੀ ਮਦਦ ਵੀ ਲੈਣੀ ਪਈ ਸੀ।
ਇਟਲੀ ਵਿਚ ਕੋਰੋਨਾ ਵਾਇਰਸ ਦੇ ਦੂਸਰੇ ਦੌਰ ਨੇ ਫਿਰ ਤੋਂ ਕਾਫ਼ੀ ਜ਼ਿਆਦਾ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਹੀ 993 ਲੋਕਾਂ ਦੀ ਜਾਨ ਚਲੇ ਗਈ ਹੈ। ਹਾਲਾਂਕਿ ਜਦੋਂ ਕੋਰੋਨਾ ਵਾਇਰਸ ਸ਼ੁਰੂ ਹੋਇਆ ਸੀ ਤਾਂ ਵੀ ਇਕ ਦਿਨ ਵਿਚ ਹੀ ਮਰਨ ਵਾਲਿਆਂ ਦੀ ਗਿਣਤੀ ਇੰਨੀ ਨਹੀਂ ਸੀ, ਜਿੰਨੀ ਕਿ ਹੁਣ ਇਹ ਪੁੱਜ ਚੁੱਕੀ ਹੈ। ਉਦੋਂ ਵੀ ਇਹ ਗਿਣਤੀ ਉਸ ਸਮੇਂ 969 ਮੌਤਾਂ ਦੀ ਸੀ। ਇਟਲੀ ਵਿਚ ਹੁਣ ਤੱਕ 58,038 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਜਾਨ ਜਾ ਚੁੱਕੀ ਹੈ। ਨੈਸ਼ਨਲ ਫੈਡਰੇਸ਼ਨ ਆਫ਼ ਮੈਡੀਕਲ ਆਰਡਰਜ ਦੁਆਰਾ ਦਿੱਤੀ। ਜਾਣਕਾਰੀ ਅਨੁਸਾਰ ਹੁਣ ਤੱਕ ਇਟਲੀ ਵਿਚ 226 ਡਾਕਟਰਾਂ ਦੀ ਮੌਤ ਵੀ ਹੋ ਚੁੱਕੀ ਹੈ।