ਇਟਲੀ : ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਲਈ ਕੈਂਡਲ ਮਾਰਚ
Sunday, Feb 24, 2019 - 10:31 AM (IST)
ਰੋਮ, (ਕੈਂਥ)— ਇਟਲੀ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕ ਅਤੇ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਬੋਰਗੋ ਹਰਮਾਦਾ ਦੀ ਪ੍ਰੰਬਧਕ ਕਮੇਟੀ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ਼. ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਅਤੇ ਇਕਜੁੱਟਤਾ ਪ੍ਰਗਟ ਕਰਨ ਲਈ ਲਾਸੀਓ ਸੂਬੇ ਦੇ ਇਲਾਕਾ ਬੋਰਗੋ ਹਰਮਾਦਾ ਵਿਖੇ 24 ਫਰਵਰੀ ਦਿਨ ਐਤਵਾਰ ਸ਼ਾਮ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਮੌਕੇ ਸਮੁੱਚੇ ਭਾਈਚਾਰੇ ਵੱਲੋਂ ਅੱਤਵਾਦ ਵਿਰੁੱਧ ਇਕਜੁੱਟ ਹੋਣ ਦਾ ਸੰਕਲਪ ਲਿਆ ਜਾਵੇਗਾ ਅਤੇ ਕੈਂਡਲ ਮਾਰਚ ਕੱਢਿਆ ਜਾਵੇਗਾ।
ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਬੋਰਗੋ ਹਰਮਾਦਾ ਦੀ ਪ੍ਰੰਬਧਕ ਕਮੇਟੀ ਨੇ ਕਿਹਾ ਕਿ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ਵਿਚ ਸੀ. ਆਰ. ਪੀ. ਐੱਫ਼. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੂਰਾ ਦੇਸ਼ ਸੁਰੱਖਿਆ ਬਲਾਂ ਦੇ ਪਿੱਛੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਅੱਤਵਾਦੀ ਹਮਲੇ ਵਿਰੁੱਧ ਭਾਰਤੀ ਭਾਈਚਾਰੇ ਦੇ ਸਾਰੇ ਵਰਗਾਂ ਵਿਚ ਗੁੱਸਾ ਹੈ। ਸਾਰਾ ਭਾਈਚਾਰਾ ਸਾਡੇ ਸੁਰੱਖਿਆ ਬਲਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਇਕਜੁੱਟਤਾ ਜ਼ਾਹਰ ਕਰ ਰਿਹਾ ਹੈ ਅਤੇ ਅੱਤਵਾਦ ਅਤੇ ਅੱਤਵਾਦੀਆਂ ਵਿਰੁੱਧ ਇਕਜੁੱਟ ਹੋ ਕੇ ਖੜ੍ਹੇ ਹੋਣ ਦਾ ਸੰਕਲਪ ਲੈ ਰਿਹਾ ਹੈ। ਪ੍ਰਬੰਧਕਾਂ ਨੇ ਇਲਾਕੇ ਦੇ ਸਭ ਭਾਰਤੀਆਂ ਨੂੰ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।