ਇਟਲੀ : ਵਿਸ਼ਵ ਚੈਂਪੀਅਨ ਸੰਦੀਪ ਕੁਮਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਨੇ ਕੀਤਾ ਸਨਮਾਨਿਤ

07/06/2021 5:13:27 PM

ਰੋਮ (ਕੈਂਥ)-ਪਿਛਲੇ ਦਿਨੀਂ ਸਲੋਵੇਨੀਆ ਦੇਸ਼ ਦੇ ਸ਼ਹਿਰ ਕੌਪਰ ਵਿਚ 2021 ਆਈ. ਬੀ. ਐੱਫ. ਐੱਫ. ਅੰਤਰਰਾਸ਼ਟਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਇਟਲੀ ਰਹਿੰਦੇ   ਭਾਰਤੀ 25 ਸਾਲਾ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ। ਉਸ ਦੀ ਕੀਤੀ ਮਿਹਨਤ ਨਾਲ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦਾ ਨਾਂ  ਹੋਰ ਉੱਚਾ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਕਸਬਾ ਕੋਰਤੇਨੋਵਾ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨਾਂ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਸ ਵਿੱਚ ਨੌਜਵਾਨ ਨੂੰ ਸਿਰੋਪਾਓ ਪਾ ਕੇ 500 ਯੂਰੋ ਭੇਟ ਕੀਤੇ ਗਏ।

ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਸਲੋਵੇਨੀਆ ਦੇਸ਼ ਵਿਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤ ਕੇ ਸਾਰੇ ਭਾਰਤੀਆਂ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ, ਜਿਸ ਨਾਲ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਟਲੀ ਵਿੱਚ ਹੋਰ ਵੀ ਭਾਰਤੀ ਨੌਜਵਾਨ ਖੇਡਾਂ ਪ੍ਰਤੀ ਆਪਣੀ ਸੰਜੀਦਗੀ ਦਿਖਾਉਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਇਟਲ਼ੀ ਵਿੱਚ ਕਿਸੇ ਨੌਜਵਾਨ ਨੂੰ ਖੇਡਾਂ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਪ੍ਰਤਿਭਾ ਦਿਖਾਉਣ ਲਈ ਕਿਸੇ ਵੀ ਕਿਸਮ ਦੀ ਜਰੂਰਤ ਹੋਵੇ, ਤਾਂ ਉਹ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਸਾਹਿਬ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕ ਕਮੇਟੀ ਸਦਾ ਹੀ ਸਮਾਜਸੇਵੀ ਕਾਰਜ ਲਈ ਅਹਿਮ ਸੇਵਾ ਨਿਭਾਉਂਦੀ ਹੈ ਤੇ ਦੁਨੀਆ ਵਿੱਚ ਪੰਜਾਬੀਆਂ ਦਾ ਚਮਕਾਉਣ ਵਾਲੇ ਇਟਲੀ ਦੇ ਪੰਜਾਬੀਆਂ ਦੀ ਹੌਸਲਾ ਅਫਜ਼ਾਈ ਕਰਕੇ ਵਿਲੱਖਣ ਪੈੜਾਂ ਪਾ ਰਹੀ ਹੈ, ਜਿਸ ਲਈ ਸਮੂਹ ਸੇਵਾਦਾਰ ਵਧਾਈ ਦੇ ਹੱਕਦਾਰ ਹਨ।


Manoj

Content Editor

Related News