ਇਟਲੀ: ਸਿੱਖ ਧਰਮ ਦੀ ਮਹੱਤਤਾ ਸਮਝਣ ਲਈ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਭਰੀ ਹਾਜ਼ਰੀ

Saturday, Oct 28, 2023 - 04:05 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਬਰੇਸ਼ੀਆ ਦੇ ਵੱਖ-ਵੱਖ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਇਟਾਲੀਅਨ ਅਤੇ ਹੋਰਨਾਂ ਮੂਲ ਦੇ ਬੱਚਿਆਂ ਨੇ ਸਿੱਖ ਧਰਮ ਦੀ ਮਹੱਤਤਾ ਸਮਝਣ ਲਈ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਵਿਖੇ ਹਾਜ਼ਰੀ ਭਰੀ। ਤਕਰੀਬਨ ਵੱਖ-ਵੱਖ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ 400 ਦੇ ਕਰੀਬ ਬੱਚੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ, ਗ੍ਰੰਥੀ ਭਾਈ ਜਸਵਿੰਦਰ ਸਿੰਘ ਅਤੇ ਨੌਜਵਾਨ ਸੰਦੀਪ ਸਿੰਘ ਨੇ ਬੱਚਿਆਂ ਨੂੰ ਸਿੱਖ ਧਰਮ ਦੀ ਮਰਿਆਦਾ ਬਾਰੇ ਜਾਣੂ ਕਰਵਾਇਆ ਅਤੇ ਅਰਦਾਸ ਦੀ ਮਹੱਤਤਾ ਬਾਰੇ ਦੱਸਿਆ।

PunjabKesari

ਇਸ ਤੋਂ ਪਹਿਲਾਂ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਗ੍ਰੰਥੀ ਸਿੰਘਾਂ ਵੱਲੋਂ ਕੀਤੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ। ਇਸ ਉਪਰੰਤ ਭਾਈ ਦਵਿੰਦਰ ਸਿੰਘ ਹੈੱਡ ਗ੍ਰੰਥੀ ਨੇ ਮਹਾਂ ਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਅਤੇ ਸੰਤ ਬਾਬਾ ਮੋਹਨ ਸਿੰਘ ਵੱਲੋਂ ਆਏ ਬੱਚਿਆਂ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਜਗਵਿੰਦਰ ਸਿੰਘ, ਗੁਰਮੇਲ ਮੁਲਤਾਨੀ ਅਤੇ ਕੁਲਵੰਤ ਸਿੰਘ ਵੱਲੋਂ ਕਿਹਾ ਗਿਆ ਕਿ ਸਕੂਲ ਅਤੇ ਯੂਨੀਵਰਸਿਟੀ ਦੇ ਬੱਚੇ ਜੋ ਕਿ ਵੱਖ-ਵੱਖ ਮੂਲ ਦੇ ਹਨ, ਨੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਇਹ ਪੰਜਾਬੀ ਭਾਈਚਾਰੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਮੌਕੇ ਪੂਰੀ ਦੁਨੀਆ ਵਿੱਚ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਇਟਲੀ ਵਿੱਚ ਵੱਸ ਰਹੇ ਸਾਰੇ ਮੂਲ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਉਪਰਾਲੇ ਕਰਨੇ ਚਾਹੀਦੇ ਹਨ।


cherry

Content Editor

Related News