ਇਟਲੀ : ਪੰਜਾਬੀ ਮਾਂ ਬੋਲੀ, ਕੀਰਤਨ ਤੇ ਤਬਲੇ ਦੀ ਸਿਖਲਾਈ ਲੈਣ ਵਾਲੇ ਬੱਚੇ ਸਨਮਾਨਿਤ
Monday, Sep 06, 2021 - 05:53 PM (IST)
ਰੋਮ (ਕੈਂਥ)-ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਲਾਕੇ ’ਚ ਵਸਦੇ ਭਾਰਤੀ ਭਾਈਚਾਰੇ ਦੇ ਅੱਠਵੀਂ ਤੋਂ ਯੂਨੀਵਰਸਿਟੀ ਤੱਕ ਪੜ੍ਹਦੇ ਬੱਚੇ, ਜੋ ਇਸ ਵਾਰ ਇਮਤਿਹਾਨਾਂ ’ਚ 80 ਫੀਸਦੀ ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਮਾਂ ਬੋਲੀ, ਕੀਰਤਨ ਅਤੇ ਤਬਲੇ ਦੀ ਸਿਖਲਾਈ ਲੈਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਅੱਜ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਵਿਖੇ ਨਰੂੜ ਪਿੰਡ ਦੀਆਂ ਸੰਗਤਾਂ ਵੱਲੋਂ ਬਾਬਾ ਯੱਗ ਦੀ ਯਾਦ ’ਚ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਇੰਦਰਜੀਤ ਸਿੰਘ ਅਤੇ ਭਾਈ ਮਲਕੀਤ ਸਿੰਘ ਮਾਨਤੋਵਾ ਵੱਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਟਲੀ ’ਚ ਅੱਠਵੀ ਤੋਂ ਯੂਨੀਵਰਸਿਟੀ ਤੱਕ ਦੇ ਇਮਤਿਹਾਨਾਂ ’ਚ 80 ਫੀਸਦੀ ਤੋਂ ਵੱਧ ਨੰਬਰ ਵਾਲੇ 20 ਤੋਂ ਵੱਧ ਬੱਚਿਆ ਦਾ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਮਾਂ ਬੋਲੀ, ਕੀਰਤਨ ਅਤੇ ਤਬਲੇ ਦੀ ਸਿਖਲਾਈ ਲੈਣ ਵਾਲੇ ਤਕਰੀਬਨ 15 ਬੱਚਿਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ ਨੇ ਆਈਆ ਸੰਗਤਾਂ ਨੂੰ ਜੀ ਆਇਆਂ ਆਖਿਆ। ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੁਲਬੀਰ ਸਿੰਘ ਮਿਆਣੀ, ਗੁਰਮੁੱਖ ਸਿੰਘ, ਨਿਸ਼ਾਨ ਸਿੰਘ ਸੁਲੱਖਣ ਸਿੰਘ ਅਤੇ ਵਿੱਕੀ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਵੀ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਾਰਤੀ ਮੂਲ ਨਾਲ ਸਬੰਧਤ ਬੱਚੇ ਇਟਲੀ ’ਚ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਸਕਣ ਅਤੇ ਭਾਰਤੀ ਭਾਈਚਾਰੇ ਦਾ ਆਉਣ ਵਾਲੇ ਸਮੇਂ ’ਚ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰਨੇ ਚਾਹੀਦੇ ਹਨ।