ਇਟਲੀ ''ਚ 62 ਸਾਲਾ ਪੰਜਾਬੀ ਦੀ ਮੌਤ, ਅੰਤਿਮ ਰਸਮਾਂ ਲਈ ਨਹੀਂ ਮਿਲਿਆ ਵਾਰਸਾਂ ਦਾ ਪਤਾ
Thursday, Apr 29, 2021 - 10:48 AM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਰੋਜ਼ੀ ਰੋਟੀ ਕਾਮਓੁਣ ਖਾਤਰ ਵਿਦੇਸ਼ੀ ਗਏ ਮਾਵਾਂ ਦੇ ਪੁੱਤਾਂ ਨਾਲ ਅਜਿਹੀਆਂ ਅਨਹੋਣੀਆਂ ਵੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਅੰਤਮ ਸਮੇਂ ਆਪਣੇ ਪਰਿਵਾਰਾਂ ਨੂੰ ਮਿਲਣਾ ਵੀ ਨਸੀਬ ਨਹੀ ਹੁੰਦਾ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਇਟਲੀ ਦੇ ਸ਼ਹਿਰ ਬੁਲਜਾਨੋ ਤੋਂ ਜਿੱਥੇ ਰਾਮ ਲਾਲ ਨਾਮ ਦੇ 62 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀਆਂ ਅੰਤਿਮ ਰਸਮਾਂ ਲਈ ਵਾਰਸਾਂ ਦਾ ਕੋਈ ਪਤਾ ਵੀ ਨਹੀਂ ਮਿਲ ਸਕਿਆ।
ਪਾਸਪੋਰਟ ਦੇ ਰਿਕਾਰਡ ਮੁਤਾਬਕ ਮ੍ਰਿਤਕ ਵਿਅਕਤੀ ਨਕੋਦਰ ਦਾ ਜੰਮਪਲ ਹੈ ਤੇ ਉਸਦੇ ਪਿਤਾ ਦਾ ਨਾਂ ਦਰਸ਼ਨ ਲਾਲ ਅਤੇ ਮਾਤਾ ਨਸੀਬ ਕੌਰ ਹੈ। ਜਾਣਕਾਰੀ ਮੁਤਾਬਕ ਰਾਮ ਲਾਲ ਪਿਛਲੇ ਕਈ ਸਾਲਾਂ ਤੋਂ ਇਟਲੀ ਦੇ ਬੁਲਜਾਨੋ ਸ਼ਹਿਰ ਵਿਚ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਸ਼ਾਇਦ ਕਾਫੀ ਸਾਲਾਂ ਤੋਂ ਪੰਜਾਬ ਵੀ ਨਹੀਂ ਗਿਆ ਸੀ ਪਰ ਹੁਣ ਜਦੋਂ ਉਸ ਦੀ ਮੌਤ ਹੋ ਚੁੱਕੀ ਹੈ ਤੇ ਅੰਤਿਮ ਰਸਮਾਂ ਲਈ ਪਰਿਵਾਰਿਕ ਮੈਂਬਰਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ।
ਗੁਰਦੁਆਰਾ ਸਿੰਘ ਸਭਾ ਬੁਲਜਾਨੋ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਹੋਰਾਂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਸਮੁੱਚੇ ਭਾਰਤੀ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਕਿਸੇ ਵੀ ਵਿਅਕਤੀ ਨੂੰ ਰਾਮ ਲਾਲ ਦੇ ਪਰਿਵਾਰ ਬਾਰੇ ਜਾਣਕਾਰੀ ਹੋਵੇ ਤਾਂ ਉਹ ਇੰਡੀਅਨ ਜਰਨਲ ਕੌਸਲੇਟ ਮਿਲਾਨ , ਭਾਰਤੀ ਅੰਬੈਸੀ ਰੋਮ ਅਤੇ ਜਾਂ ਫਿਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਭਾਰਤ ਰਹਿੰਦੇ ਪਰਿਵਾਰਿਕ ਮੈਬਰਾਂ ਤੱਕ ਪਹੁੰਚਾਇਆ ਜਾ ਸਕੇ।