ਇਟਲੀ : ਮਿਲਾਨ ਅੰਬੈਸੀ ਭਾਰਤੀ ਨਾਗਰਿਕਾਂ ਦੀ ਹਰ ਮੁਸ਼ਕਲ ਦਾ ਕਰੇਗੀ ਹੱਲ
Sunday, Aug 18, 2019 - 02:38 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਰਹਿੰਦੇ ਭਾਰਤੀ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਮਿਲਾਨ ਅੰਬੈਸੀ ਕਰੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਕੌਂਸਲੇਟ ਜਨਰਲ ਮਿਲਾਨ ਸ਼੍ਰੀ ਬੀਨੋਈ ਜਾਰਜ ਨੇ ਆਸਟਰੀਆ ਬਾਰਡਰ 'ਤੇ ਪੈਂਦੇ ਇਟਲੀ ਦੇ ਜ਼ਿਲ੍ਹਾ ਬੋਲਜਾਨੋ ਵਿਖੇ ਅੰਬੈਸੀ ਵਲੋਂ ਭਾਰਤੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਲਗਾਏ ਗਏ ਪਾਸਪੋਰਟ ਕੈਂਪ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ।
ਦੱਸਣਯੋਗ ਹੈ ਕਿ ਮਿਲਾਨ ਅੰਬੈਸੀ ਵਲੋਂ ਨੌਰਥ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਲਗਾਏ ਜਾ ਰਹੇ ਪਾਸਪੋਰਟ ਕੈਂਪਾਂ ਦੀ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਗਿਆ ਸੀ। ਇਸ ਦੌਰਾਨ ਲੱਗਭਗ140 ਭਾਰਤੀ ਪਾਸਪੋਰਟ ਹੋਲਡਰਾਂ ਨੇ ਪਾਸਪੋਰਟ ਨਵਿਆਉਣ ਅਤੇ ਓ.ਸੀ.ਆਈਜ. ਨਾਲ ਸਬੰਧਿਤ ਵੱਖ-ਵੱਖ ਪ੍ਰਕਿਰਿਆਵਾਂ ਦੀ ਸਹੂਲਤ ਪ੍ਰਾਪਤ ਕੀਤੀ। ਇਸ ਮੌਕੇ 52 ਤਿਆਰ ਪਾਸਪੋਰਟ ਤਕਸੀਮ ਕੀਤੇ ਗਏ। ਕੈਂਪ ਦੌਰਾਨ ਮਿਲਾਨ ਅੰਬੈਸੀ ਦੇ ਕੌਂਸਲਰ ਜਨਰਲ ਸ਼੍ਰੀ ਬੀਨੋਈ ਜਾਰਜ ਅਤੇ ਵਾਇਸ ਕੌਂਸਲਰ ਸ਼੍ਰੀ ਰਾਜੇਸ਼ ਭਾਟੀਆ ਸਮੇਤ ਬਾਕੀ ਸਟਾਫ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ।
ਸਮਾਪਤੀ 'ਤੇ ਪ੍ਰਬੰਧਕਾਂ ਦੁਆਰਾ ਅੰਬੈਸੀ ਸਟਾਫ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਮਿਲਾਨ ਅੰਬੈਸੀ ਦੁਆਰਾ ਇਟਲੀ ਰਹਿੰਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ਼ ਨੌਰਥ ਇਟਲੀ ਵਿਚ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿਚ ਅਨੇਕਾਂ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦਾ ਇੱਥੇ ਰਹਿੰਦੇ ਭਾਰਤੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ। ਅਜਿਹਾ ਕਰਨ ਨਾਲ ਜਿੱਥੇ ਅੰਬੈਸੀ ਵਿਚ ਕੰਮਕਾਜ਼ੀ ਦਿਨਾਂ ਵਿਚ ਇਕੱਠੀ ਹੋਣ ਵਾਲੀ ਭੀੜ ਘੱਟ ਜਾਂਦੀ ਹੈ ਉਥੇ ਭਾਰਤੀ ਲੋਕਾਂ ਨੂੰ ਛੋਟੇ- ਛੋਟੇ ਬੱਚਿਆਂ ਦੇ ਨਾਲ ਬੱਸਾਂ, ਕਾਰਾਂ, ਟਰੇਨਾਂ ਆਦਿ ਦਾ ਲੰਮਾ ਸਫਰ ਤੈਅ ਕਰਕੇ ਮਿਲਾਨ ਅੰਬੈਸੀ ਤੱਕ ਆਉਣ ਜਾਣ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।