ਗਣਤੰਤਰ ਦਿਹਾੜੇ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਬਾਹਰ ਗਰਮ-ਖਿਆਲੀਆਂ ਵਲੋਂ ਪ੍ਰਦਰਸ਼ਨ

Thursday, Jan 28, 2021 - 12:37 PM (IST)

ਰੋਮ (ਦਲਵੀਰ ਕੈਂਥ): ਪੂਰੀ ਦੁਨੀਆ ਵਿੱਚ ਜਿੱਥੇ ਭਾਰਤੀ ਲੋਕਾਂ ਨੇ ਤਿਰੰਗੇ ਨੂੰ ਸਜਦਾ ਕਰਕੇ ਭਾਰਤ ਦਾ 72ਵਾਂ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਉੱਥੇ ਇਟਲੀ ਵਿੱਚ ਵੀ ਭਾਰਤੀ ਅੰਬੈਂਸੀ ਰੋਮ ਵੱਲੋ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ 72ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ।ਭਾਰਤ ਦੀ ਸ਼ਾਨ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਸਤਿਕਾਰਤ ਮੈਡਮ ਨੀਨਾ ਮਲਹੋਤਰਾ ਜੀ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਅਦਾ ਕਰਨ ਉਪੰਰਤ ਰਾਸ਼ਟਰ ਦੇ ਨਾਮ ਮਾਣਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਦਾ ਸੰਦੇਸ਼ ਪੜ੍ਹਕੇ ਸੁਣਾਇਆ।

PunjabKesari

ਇਸ ਮੌਕੇ ਭਾਰਤੀ ਸੱਭਿਆਚਾਰ ਨਾਲ ਸੰਬਧਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਦੂਜੇ ਪਾਸੇ ਦਿੱਲੀ ਵਿੱਚ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਚੱਲ ਰਹੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਰਾਸ਼ਟਰੀ ਪਰੇਡ ਮੌਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਹੁੱਲੜਬਾਜ਼ੀ ਜਿੱਥੇ ਨਿੰਦਰਯੋਗ ਸੀ ਉੱਥੇ ਦਿੱਲੀ ਪੁਲਸ ਵੱਲੋਂ ਬੇਕਸੂਰ ਕਿਸਾਨਾਂ 'ਤੇ ਅੰਨ੍ਹੇਵਾਹ ਵਰਾਈਆਂ ਲਾਠੀਆਂ ਵੀ ਦੁਨੀਆ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਦੇ ਦਿਲਾਂ ਉਪੱਰ ਡੂੰਘੇ ਨਿਸ਼ਾਨ ਬਣਾਉਂਦੀਆਂ ਹੋਈਆਂ ਭਾਰਤੀ ਲੋਕਤੰਤਰ ਉਪੱਰ ਅਨੇਕਾਂ ਸਵਾਲ ਖੜ੍ਹੇ ਕਰ ਗਈਆ।

PunjabKesari

ਕਿਸਾਨਾਂ ਨਾਲ ਕਾਲੇ ਕਾਨੂੰਨਾਂ ਨੂੰ ਲੈਕੇ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਹੀ ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ ਮੁੱਖ ਗੇਟ ਉਪੱਰ ਖਾਲਿਸਤਾਨੀ ਹਮਾਇਤੀਆਂ ਵੱਲੋਂ ਜਿੱਥੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਉੱਥੇ ਹੀ ਅੰਬੈਂਸੀ ਦੀ ਇਮਾਰਤ ਦੀਆਂ ਕੰਧਾਂ ਤੇ ਖਾਲਿਸਤਾਨ ਜ਼ਿੰਦਾਬਾਦ ਵੀ ਲਿਖਿਆ ਗਿਆ।ਇਸ ਦੇ ਨਾਲ ਹੀ ਇਹਨਾਂ ਖਾਲਿਸਤਾਨੀ ਹਮਾਇਤੀਆਂ ਨੇ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਪਾੜ ਕੇ ਅੰਬੈਂਸੀ ਦੇ ਅੰਦਰ ਸੁੱਟੀਆਂ ਜੋ ਕਿ ਮੰਦਭਾਗੀ ਕਾਰਵਾਈ ਸਮਝੀ ਜਾ ਰਹੀ ਹੈ।ਭਾਰਤੀ ਸੰਵਿਧਾਨ ਦੇ ਕੀਤੇ ਅਪਮਾਨ ਨਾਲ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਜਿੱਥੇ ਰੋਹ ਦੇਖਿਆ ਜਾ ਰਿਹਾ ਹੈ ਉੱਥੇ ਅੰਬੇਡਕਰੀ ਸਾਥੀਆਂ ਨੇ ਇਸ ਘਿਨੌਣੀ ਹਰਕਤ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਨੀਨਾ ਮਲਹੋਤਰਾ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਮਾਂ ਨੇ 5 ਸਾਲਾ ਧੀ ਨੂੰ ਦਿੱਤੀ ਦਰਦਨਾਕ ਮੌਤ, ਜੀਭ ਤੇ ਅੱਖਾਂ ਕੱਢੀਆਂ ਬਾਹਰ

ਇਹ ਘਟਨਾ 26 ਜਨਵਰੀ 2021 ਦੀ ਰਾਤ ਦੀ ਦੱਸੀ ਜਾ ਰਹੀ ਹੈ ਜਿਸ ਦੀ ਇੱਕ ਵੀਡੀਓ ਵੀ ਅੰਤਰਰਾਸ਼ਟਰੀ ਚੈਨਲ ਉਪੱਰ ਪ੍ਰਕਾਸ਼ਿਤ ਹੋਈ ਹੈ। ਘਟਨਾ ਨੂੰ ਪ੍ਰਮਾਣਿਤ ਕਰਨ ਲਈ ਜਦੋ ਇਟਾਲੀਅਨ ਪੰਜਾਬੀ ਪ੍ਰੈੱਸ ਨੇ ਭਾਰਤੀ ਅੰਬੈਂਸੀ ਰੋਮ ਦੇ ਅਧਿਕਾਰੀ ਸਾਹਿਬਾਨ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ ਖ਼ਬਰ ਬਾਬਤ ਕੋਈ ਵੀ ਪੁਸ਼ਟੀ ਨਹੀ ਕੀਤੀ।ਵਿਚਾਰਯੋਗ ਹੈ ਕਿ ਖਾਲਿਸਤਾਨੀਆਂ ਦੀ ਇਸ ਕਾਰਵਾਈ ਨਾਲ ਇਟਲੀ ਜਾਂ ਪੰਜਾਬ ਵਿੱਚ ਖਾਲਿਸਤਾਨ ਤਾਂ ਨਹੀ ਬਣੇਗਾ ਪਰ ਕਿਸਾਨ ਅੰਦੋਲਨ ਦੇ ਮਕਸਦ ਉਪੱਰ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਦੂਜਾ ਅੰਬੈਂਸੀ ਵਾਲੇ ਕੇਸਰੀ ਨਿਸ਼ਾਨ ਸਾਹਿਬ ਨੂੰ ਗੇਟ ਉਪੱਰ ਕੀ ਇੰਝ ਹੀ ਲੱਗਾ ਰਹਿਣ ਦੇਣਗੇ ਜਾਂ ਉਸ ਨੂੰ ਸਾਂਭ ਕੇ ਅੰਦਰ ਰੱਖ ਲੈਣਗੇ । ਇਸ ਦੌਰਾਨ ਕੇਸਰੀ ਨਿਸ਼ਾਨ ਸਾਹਿਬ ਦੀ ਜੇਕਰ ਬੇਅਦਬੀ ਹੁੰਦੀ ਹੈ ਤਾਂ ਕਸੂਰਵਾਰ ਕੌਣ ਹੈ।ਖਾਲਿਸਤਾਨ ਹਮਾਇਤੀਆਂ ਦੀ ਇਸ ਕਾਰਵਾਈ ਨਾਲ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਤਣਾਅ ਦੇਖਿਆ ਜਾ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


Vandana

Content Editor

Related News