ਇਟਲੀ : ਸਿੱਖ ਭਾਈਚਾਰੇ ਵੱਲੋਂ ਬਿਨਾਂ ਕਰਜ਼ੇ ਦੇ ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਦੀ ਸਥਾਪਨਾ

07/12/2019 4:33:09 PM

ਰੋਮ/ਇਟਲੀ (ਕੈਂਥ,ਚੀਨੀਆ)— ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਬਾਅਦ ਸਭ ਤੋਂ ਵੱਧ ਮਹਾਨ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ ਹਨ।ਇਟਲੀ ਦੀਆਂ ਸਿੱਖ ਸੰਗਤਾਂ ਇਟਲੀ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖ ਧਰਮ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਰਹੀਆਂ ਹਨ ਤਾਂ ਜੋ ਇੱਥੇ ਜਨਮ ਲੈਣ ਵਾਲੀ ਪੰਜਾਬੀ ਸਿੱਖ ਪੀੜ੍ਹੀ ਆਪਣੇ ਮਹਾਨ ਸਿੱਖ ਧਰਮ ਨੂੰ ਸਮਝ ਸਕੇ ਅਤੇ ਇਸ ਦੇ ਲਾਸਾਨੀ ਇਤਿਹਾਸ ਨੂੰ ਸਮਝ ਕੇ ਇਸ ਨਾਲ ਜੁੜ ਸਕੇ।

ਇਸੇ ਸ਼ਲਾਘਾਯੋਗ ਕਾਰਵਾਈ ਵਿੱਚ ਹੀ ਲਾਸੀਓ ਦੀਆਂ ਸਿੱਖ ਸੰਗਤਾਂ ਵੱਲੋਂ ਬੀਤੇ ਸਮੇਂ ਵਿੱਚ ਲਵੀਨਿਓ ਸ਼ਹਿਰ (ਰੋਮ) ਵਿਖੇ ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਦੀ ਸਥਾਪਨਾ ਕੀਤੀ ਗਈ। ਪਹਿਲਾਂ ਸੰਨ 1998 ਤੋਂ ਇਹ ਗੁਰਦੁਆਰਾ ਸਾਹਿਬ ਕਿਰਾਏ ਦੀ ਇਮਾਰਤ ਵਿੱਚ ਸੀ ਪਰ ਫਿਰ ਸੰਗਤਾਂ ਦੇ ਉੱਦਮ ਸਦਕੇ ਹੀ ਸੰਨ 2014 ਵਿੱਚ ਗੁਰਦੁਆਰਾ ਸਾਹਿਬ ਦੀ ਆਪਣੀ ਇਮਾਰਤ ਸਥਾਪਿਤ ਕੀਤੀ ਗਈ।ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਲਈ ਕੀਤੀ ਇਸ ਸੇਵਾ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸ ਮਹਾਨ ਸੇਵਾ ਲਈ ਹੁਣ ਤੱਕ 7 ਲੱਖ ਯੂਰੋ ਦਾ ਖਰਚ ਆ ਚੁੱਕਾ ਹੈ ਤੇ ਇਸ ਸੇਵਾ ਲਈ ਸਿੱਖ ਸੰਗਤਾਂ ਨੇ ਇਟਲੀ ਦੀ ਕਿਸੇ ਬੈਂਕ ਕੋਲੋਂ ਕੋਈ ਕਰਜ਼ਾ ਨਹੀਂ ਲਿਆ ਸਗੋਂ ਇਸ ਮਹਾਨ ਕਾਰਜ ਲਈ ਸੰਗਤਾਂ ਨੇ ਆਪ ਹੀ ਮੁਹਰੇ ਹੋ ਕੇ ਸੇਵਾ ਕੀਤੀ ਹੈ ਜਦੋਂ ਕਿ ਇਸ ਇਲਾਕੇ ਵਿੱਚ ਕੋਈ ਜ਼ਿਆਦਾ ਵੱਡੇ ਉਦਯੋਗਕ ਕੇਂਦਰ ਜਾਂ ਕੋਈ ਹੋਰ ਵੱਡੇ ਕੰਮਕਾਜੀ ਪਲਾਂਟ ਨਹੀਂ ਹਨ।

PunjabKesari

ਇਸ ਇਲਾਕੇ ਵਿੱਚ ਜ਼ਿਆਦਾਤਰ ਖੇਤੀ-ਬਾੜੀ ਦਾ ਹੀ ਕੰਮ ਧੰਦਾ ਹੈ ਤੇ ਜਿਸ ਦਾ ਕੰਮ ਕਰਨ ਵਾਲੇ ਕਾਮੇ ਨੂੰ 3 ਤੋਂ 5 ਯੂਰੋ ਪ੍ਰਤੀ ਘੰਟਾ ਮਿਹਨਤ ਮਿਲਦੀ ਹੈ।ਸਿੱਖ ਸੰਗਤਾਂ ਨੇ ਅਜਿਹੇ ਇਲਾਕੇ ਵਿੱਚ ਘੱਟ ਮਿਹਨਤ ਮਿਲਣ ਦੇ ਬਾਵਜੂਦ ਵੀ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਜੋ ਸੇਵਾ ਨਿਭਾਈ ਉਹ ਕਾਬਲੇ ਤਾਰੀਫ਼ ਅਤੇ ਪ੍ਰੇਰਨਾ ਸ੍ਰੋਤ ਹੈ ਕਿਉਂਕਿ ਆਮਦਨ ਘੱਟ ਹੋਣ ਕਾਰਨ ਤਾਂ ਘਰ ਬਣਾਉਣੇ ਔਖੇ ਹੁੰਦੇ ਹਨ ਜਦੋਂ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤਾਂ 3-4 ਏਕੜ ਜ਼ਮੀਨ ਮੁੱਲ ਖਰੀਦ ਕੇ ਕਰੀਬ 7 ਲੱਖ ਯੂਰੋ ਦੀ ਲਾਗਤ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੁਸ਼ੋਭਿਤ ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਸਥਾਪਿਤ ਕਰ ਦਿੱਤਾ ਜਿਹੜਾ ਕਿ ਸੂਬੇ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਬਣਿਆ ਜਿਹੜਾ ਕਿ ਸਿੱਖ ਸੰਗਤ ਨੇ ਬਿਨਾਂ ਕਿਸੇ ਕਰਜ਼ੇ ਤੋਂ ਆਪਣੀ ਦਸਾਂ ਨੂੰਹਾਂ ਦੀ ਕਿਰਤ ਨਾਲ ਸਥਾਪਿਤ ਕੀਤਾ ਹੈ।

ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਲਵੀਨਿਓ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 15 ਨਗਰ ਕੀਰਤਨ ਸਜਾਏ ਜਾ ਚੁੱਕੇ ਹਨ ਤੇ ਅੱਜ-ਕਲ੍ਹ ਗੁਰਦੁਆਰਾ ਸਾਹਿਬ ਵਿਖੇ ਹੀ ਨੰਨੇ-ਮੁੰਨੇ ਪੰਜਾਬੀਆਂ ਬੱਚਿਆਂ ਨੂੰ ਗੁਰਮੁੱਖੀ ਭਾਸ਼ਾ ਸਿਖਾਉਣ ਲਈ ਮਾਸਟਰ ਰਸ਼ਪਾਲ ਸਿੰਘ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ।ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਬੱਚਿਆਂ ਨੂੰ ਗੁਰਮੁੱਖੀ ਭਾਸ਼ਾ ਸਿਖਾਉਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਤੇ ਇਟਲੀ ਦੀਆਂ ਹੋਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰਦੁਆਰਾ ਸਾਹਿਬ ਅਜਿਹੇ ਕਾਰਜ਼ ਉਲੀਕਣੇ ਚਾਹੀਦੇ ਹਨ ਤਾਂ ਜੋ ਇਟਲੀ ਜਨਮੀ ਪੰਜਾਬੀ ਸਿੱਖ ਪੀੜ੍ਹੀ ਸਾਡੇ ਮਹਾਨ ਸਿੱਖ ਧਰਮ ਨੂੰ ਸਮਝ ਸਕੇ ਅਤੇ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਸਤਿਗੁਰਾਂ ਦੀ ਗੁਰਮੁੱਖੀ ਭਾਸ਼ਾ ਵਿੱਚ ਸਿੱਖਿਆ ਨੂੰ ਪੜ੍ਹਕੇ ਉਸ ਉਪੱਰ ਅਮਲ ਕਰ ਸਕੇ।


Vandana

Content Editor

Related News