ਇਟਲੀ : ਧੂਮ-ਧਾਮ ਨਾਲ ਮਨਾਈ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਦੀ ਚੌਥੀ ਵਰ੍ਹੇਗੰਢ

Tuesday, Sep 20, 2022 - 04:07 PM (IST)

ਇਟਲੀ : ਧੂਮ-ਧਾਮ ਨਾਲ ਮਨਾਈ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਦੀ ਚੌਥੀ ਵਰ੍ਹੇਗੰਢ

ਰੋਮ (ਕੈਂਥ): ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਅਤੇ ਮਿਸ਼ਨ 'ਤੇ ਪਹਿਰਾ ਦੇ ਰਹੇ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਵੱਲੋਂ ਗੁਰੂ ਘਰ ਦੀ ਚੌਥੀ ਵਰ੍ਹੇਗੰਢ ਬੜੇ ਸਤਿਕਾਰ ਅਤੇ ਸਦਭਾਵਨਾ ਨਾਲ ਮਨਾਈ ਗਈ।ਜਿਸ ਵਿੱਚ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੀ ਦੇ ਆਰੰਭੇ ਆਖੰਡ ਜਾਪ ਪਾਠ ਦੇ ਭੋਗ ਗੁਰੂ ਘਰ ਦੇ ਵਜ਼ੀਰ ਭਾਈ ਪ੍ਰਹਲਾਦ ਵੱਲੋਂ ਪਾਏ ਗਏ।ਪ੍ਰੋਗਰਾਮ ਦੀ ਸੁਰੂਆਤ ਸਟੇਜ ਸਕੱਤਰ ਜਸਵਿੰਦਰ ਚੁੰਬਰ  ਵਲੋਂ ਕਰਦਿਆਂ ਗੁਰੂ ਘਰ ਦੀ ਚੌਥੀ ਵਰ੍ਹੇਗੰਢ ਦੀਆਂ ਹਾਜਰੀਨ ਸੰਗਤਾਂ ਨੂੰ ਵਧਾਈ ਦਿੰਦਿਆਂ ਪ੍ਰੋਗਰਾਮ ਦਾ ਆਗਾਜ ਕੀਤਾ।  

ਅਸ਼ਵਨੀ ਚੁੰਬਰ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਨੇ ਇਸ ਖੁਸ਼ੀ ਭਰੇ ਪਲਾਂ ਦੀ ਸੰਗਤਾਂ ਨਾਲ ਸਾਂਝ ਪਾਉਂਦਿਆਂ ਕਿਹਾ ਸੰਗਤ ਨੂੰ ਆਪਣੇ ਬੱਚਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੀ ਬਾਣੀ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਸ਼ੁੱਭ ਦਿਹਾੜੇ 'ਤੇ ਵਿਸ਼ੇਸ਼ ਤੌਰ 'ਤੇ ਇੰਡੀਆ ਤੋਂ ਪਹੁੰਚੇ ਬਹੁਜਨ ਚਿੰਤਤ ਇੰਚਾਰਜ ਬਹੁਜਨ ਸਮਾਜ ਪਾਰਟੀ ਸੂਬਾ ਪੰਜਾਬ ਭਗਵਾਨ ਸਿੰਘ ਚੌਹਾਨ ਨੇ ਸਮਾਗਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਮੁੱਚੇ ਸਮਾਜ ਨੂੰ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਦੇ ਫ਼ਲਸਫੇ ਨੂੰ ਸਮਝਣਾ ਚਾਹੀਦਾ ਹੈ ਤਦ ਹੀ ਬੇਗਮਪੁਰੇ ਦੀ ਸਥਾਪਨਾ ਸੰਭਵ ਹੈ।ਬੇਗਮਪੁਰਾ ਸਤਿਗੁਰਾਂ ਦਾ ਉਹ ਸੁਪਨ ਸ਼ਹਿਰ ਜਿਸ ਵਿੱਚ ਗੁਰੂ ਜੀ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਬਰਾਬਰਤਾ ਦੀ ਗੱਲ ਕੀਤੀ ਹੈ।  

ਪੜ੍ਹੋ ਇਹ ਅਹਿਮ ਖ਼ਬਰ-ਸਕਾਟਲੈਂਡ: ਪੰਜਾਬੀ ਇਮਤਿਹਾਨ ਪਾਸ ਕਰਨ 'ਤੇ ਨਾਲ ਪੜ੍ਹਦੇ ਬੱਚਿਆਂ ਦਿੱਤੀ ਪਾਰਟੀ 

ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਇਟਲੀ (ਰਜਿ:) ਦੇ ਸੀਨੀਅਰ ਆਗੂ ਸਰਬਜੀਤ ਵਿਰਕ ਨੇ ਇਸ ਖੁਸ਼ੀ ਦੇ ਪਲਾਂ 'ਤੇ ਵਧਾਈ ਦਿੰਦਿਆਂ ਕਿਹਾ ਅੱਜ ਗੁਰੂ ਘਰ ਵਿਖੇ ਪਾਵਣ ਅੰਮ੍ਰਿਤ ਬਾਣੀ ਜੀ ਦੇ ਪ੍ਰਕਾਸ਼ ਕੀਤਿਆਂ ਨੂੰ ਚਾਰ ਸਾਲ ਬੀਤ ਗਏ ਹਨ ਉਹਨਾਂ ਨੂੰ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਮਹਾਂਪੁਰਖਾਂ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ।ਇਸ ਖੁਸ਼ੀ ਦੇ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ 'ਤੇ ਪਹਿਰਾ ਦੇ ਰਹੇ ਮਿਸ਼ਨਰੀ ਗਾਇਕ ਸੋਡੀ ਮੱਲ ਨੇ ਇਤਿਹਾਸ ਅਤੇ ਕ੍ਰਾਂਤੀਕਾਰੀ ਗੀਤਾਂ ਨਾਲ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਆਪਣੇ ਮਹਾਂਪੁਰਖਾਂ ਦੇ ਮਿਸ਼ਨ ਅਤੇ ਇਤਿਹਾਸ ਨਾਲ ਜੋੜਿਆ।

ਸੰਗਤਾਂ ਨੂੰ ਆਪਣੇ ਗੀਤਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਵਰਾਜ ਅਤੇ ਬੇਗਮਪੁਰਾ ਸ਼ਬਦ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਗੁਰੂ ਘਰ ਦੇ ਚੈਅਰਮੈਨ ਗੁਰਨਾਮ ਰੰਧਾਵਾ ਨੇ ਸਮਾਜਿਕ ਬਰਾਬਰਤਾ 'ਤੇ ਗੀਤ ਗਾ ਕੇ ਹਾਜ਼ਰੀ ਲਗਵਾਈ।ਇਸ ਮੌਕੇ ਕਸ਼ਮੀਰ ਮਹਿੰਮੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਰਿਜੋਮੀਲੀਆ ਤੇ ਰਾਮ ਦਾਸ ਬੈਂਸ ਮਾਨਤੋਵਾ ਨੇ ਸੰਗਤਾਂ ਨਾਲ ਮਿਸ਼ਨਰੀ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਗੁਰੂ ਘਰ ਦੇ ਹਾਜ਼ਰ ਮੈਂਬਰ ਵਾਈਸ ਪ੍ਰਧਾਨ ਵਿਜੇ ਕਲੇਰ,ਵਿੱਤ ਸਕੱਤਰ ਸੋਮ ਨਾਥ ਅਤੇ ਰੋਸ਼ਨ ਲਾਲ, ਜਸਵੰਤ ਰਾਏ ਸੋਨੀ, ਰੂਪ ਲਾਲ, ਹੀਰਾ ਲਾਲ ਟੋਨੀ, ਰਾਧੇਸ਼ਾਮ, ਬੁੱਧ ਪ੍ਰਕਾਸ਼, ਅਰਵਿੰਦ ਖੋਖਰ,ਦੇਸ ਰਾਜ ਬਿੱਲੂ,ਰਵੀ ਆਜੋਲਾ, ਵਿਸ਼ਾਲ ਦੀਪ ਆਦਿ ਸੇਵਾਦਾਰਾਂ ਨੇ ਸਮਾਗਮ ਨੂੰ ਨੇਪੜੇ ਚਾੜਨ ਵਿੱਚ ਸੇਵਾ ਨਿਭਾਈ।ਹਾਜਰੀਨ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।


author

Vandana

Content Editor

Related News