ਇਟਲੀ ''ਚ ਫਰਜ਼ੀ ਸਰਟੀਫਿਕੇਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 11 ਲੋਕ ਗ੍ਰਿਫਤਾਰ

12/20/2019 9:45:11 AM

 ਰੋਮ/ਇਟਲੀ (ਕੈਂਥ): ਪੈਸਿਆਂ ਦੇ ਲਾਲਚ ਨੇ ਪੂਰੀ ਦੁਨੀਆ ਨੂੰ ਚੱਕਰਾਂ ਵਿੱਚ ਪਾ ਰੱਖਿਆ ਹੈ ਜਿਸ ਦੀ ਪੂਰਤੀ ਲਈ ਹਰ ਦੇਸ਼ ਵਿੱਚ ਲਾਲਚੀ ਲੋਕ ਕਈ ਵਾਰ ਅਜਿਹੇ ਕਾਰਨਾਮਿਆਂ ਨੁੰ ਅੰਜਾਮ ਦਿੰਦੇ ਹਨ ਜਿਹੜੇ ਕਿ ਉਹਨਾਂ ਦੀ ਬੇੜੀ ਨੂੰ ਡੋਬਣ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਅਫ਼ਸੋਸ ਬਾਅਦ ਵਿੱਚ ਸਿਵਾਏ ਪਛਤਾਵੇ ਦੇ ਕੁਝ ਨਹੀਂ ਬਚਦਾ।ਅਜਿਹੀ ਹੀ ਇੱਕ ਘਟਨਾ ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲਾ ਲਾਤੀਨਾ ਵਿਖੇ ਦੇਖਣ ਨੂੰ ਮਿਲੀ, ਜਿੱਥੇ ਕੁਝ ਡਾਕਟਰਾਂ ਨੇ ਯੂਰੋਆਂ ਦੇ ਲਾਲਚ ਵਿੱਚ ਆਪਣੀ ਆਜ਼ਾਦ ਖੁਸ਼ਗਵਾਰ ਜ਼ਿੰਦਗੀ ਸਲਾਖਾਂ ਪਿੱਛੇ ਬੰਦ ਕਰਵਾ ਲਈ।ਕਾਰਬਨੇਰੀ (ਪੁਲਸ) ਲਾਤੀਨਾ ਵੱਲੋਂ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਉਹਨਾਂ ਇੱਕ ਵਿਸ਼ੇਸ਼ ਆਪਰੇਸ਼ਨ  ਬੀਤੇ ਦਿਨਾਂ ਵਿੱਚ ਕੀਤਾ, ਜਿਸ ਦਾ ਨਾਮ "ਸਰਟੀਫਾਈਡ ਕਰੇਜ਼ੀ" ਰੱਖਿਆ ਗਿਆ।

ਇਸ ਆਪਰੇਸ਼ਨ ਵਿੱਚ ਉਹਨਾਂ ਇੱਕ ਮਹੀਨੇ ਵਿੱਚ 153 ਅਜਿਹੇ ਕੇਸਾਂ ਦਾ ਪਤਾ ਲਗਾਇਆ ਜਿਹਨਾਂ ਵਿੱਚ ਵੱਖੋ-ਵੱਖ ਸ਼੍ਰੇਣੀਆਂ ਨਾਲ ਸੰਬਧਤ ਪ੍ਰਮਾਣ ਪੱਤਰ ਨਕਲੀ ਪਾਏ ਗਏ।ਇਹਨਾਂ 153 ਕੇਸਾਂ ਵਿੱਚ ਪੈਨਸ਼ਨਾਂ, ਹੱਥਿਆਰ ਰੱਖਣ ਅਤੇ ਹੋਰ ਮੈਡੀਕਲ ਦੇ ਨਾਂਅ ਹੇਠ ਆਰਥਿਕ ਸਹਾਇਤਾ ਪ੍ਰਾਪਤ ਕਰਨ ਦੇ ਮਾਮਲੇ ਸਾਹਮਣੇ ਆਏ ਹਨ।ਜਿਸ ਵਿੱਚ ਲਾਤੀਨਾ ਪੁਲਸ ਨੇ ਇੱਕ ਡਾਕਟਰ ਫੌਂਦੀ,ਇੱਕ ਡਾਕਟਰ ਨਤੂਨੋ,ਦੋ ਹੋਰ ਵਿਅਕਤੀ ਫੌਂਦੀ ਤੇ ਤੇਰਾਚੀਨਾ,ਇੱਕ ਵਕੀਲ ਤੇਰਾਚੀਨਾ ਅਤੇ ਇੱਕ ਨਗਰ ਕੌਂਸਲ ਮੌਂਤੀਸ਼ਨ ਵਿਆਜੋ ਦੀ ਪੁਲਸ ਦਾ ਅਫ਼ਸਰ ਦੋਸ਼ੀ ਪਾਇਆ ਹੈ ਜਿਹਨਾਂ ਨੂੰ ਹਾਲ ਦੀ ਘੜੀ ਘਰ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।ਪੁਲਸ ਅਨੁਸਾਰ ਇਹ ਲੋਕ ਵੱਖ-ਵੱਖ ਤਰ੍ਹਾਂ ਦੇ ਫਰਜੀ ਸਰਟੀਫਿਕੇਟ ਬਣਾਉਣ ਲਈ 40 ਯੂਰੋ ਤੋਂ 120 ਯੂਰੋ ਤੱਕ ਆਪਣੇ ਗ੍ਰਾਹਕ ਤੋਂ ਵਸੂਲਦੇ ਸਨ।

ਇਹਨਾਂ ਕੇਸਾ ਵਿੱਚ ਹੈਰਾਨੀ ਦੀ ਇਹ ਗੱਲ ਰਹੀ ਹੈ ਕਿ ਜਿਸ ਸਖ਼ਸ ਦਾ ਇਹ ਲੋਕ ਫਰਜੀ ਸਰਟੀਫਿਕੇਟ ਬਣਾਉਂਦੇ ਸਨ ਉਹਨਾਂ ਵਿੱਚੋਂ ਬਹੁਤੇ ਇਹਨਾਂ ਨੇ ਕਦੀ ਦੇਖੇ ਹੀ ਨਹੀਂ ।ਪੁਲਸ ਨੇ ਲਾਤੀਨਾ, ਰੋਮ,ਕਸੇਰਤਾ ਦੀ ਲਾਤੀਨਾ ਆਦਿ ਇਲਾਕਿਆਂ ਤੋਂ 104 ਅਜਿਹੇ ਹਥਿਆਰ ਜ਼ਬਤ ਕੀਤੇ ਹਨ ਜਿਹੜੇ ਕਿ ਫਰਜੀ ਪੇਪਰਾਂ ਉਪੱਰ ਜਾਰੀ ਹੋਏ ਸਨ।ਫਰਜ਼ੀ ਪੇਪਰਾਂ ਉਪੱਰ ਹੱਥਿਆਰ ਰੱਖਣ ਵਾਲਿਆਂ ਵਿੱਚ ਕਈ ਪੁਲਸ ਮੁਲਾਜ਼ਮ ਵੀ ਦੱਸੇ ਜਾ ਰਹੇ ਹਨ।ਲਾਤੀਨਾ ਪੁਲਸ ਨੇ ਅਜਿਹੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹਨਾਂ ਖਿਲਾਫ਼ 70 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਸਨ।ਲਾਤੀਨਾ ਇਲਾਕੇ ਵਿੱਚ ਵੱਖ-ਵੱਖ ਸ਼੍ਰੇਣੀਆਂ ਨਾਲ ਸੰਬਧਤ ਪੇਪਰਾਂ ਦੇ ਚੱਲ ਰਹੇ ਇਸ ਫਰਜੀਵਾੜੇ ਨਾਲ ਇਟਾਲੀਅਨ ਤੋਂ ਇਲਾਵਾ ਵਿਦੇਸ਼ੀ ਲੋਕਾਂ ਦੇ ਵੀ ਮੂੰਹ ਅੱਡੇ ਰਹਿ ਗਏ ਕਿਉਂਕਿ ਅਜਿਹੀ ਘਟਨਾ ਇਹਨਾਂ ਲੋਕਾਂ ਨੇ ਸ਼ਾਇਦ ਹੀ ਪਹਿਲਾਂ ਕਦੀ ਸੁਣੀ ਹੋਵੇ ਜਿਸ ਵਿੱਚ ਪ੍ਰਸ਼ਾਸ਼ਨ ਅਧਿਕਾਰੀ ਵੀ ਸ਼ਾਮਿਲ ਹੋਣ। ਇਟਾਲੀਅਨ ਮੀਡੀਆ ਵਿੱਚ ਇਸ ਘਟਨਾ ਦੀ ਚਰਚਾ ਜ਼ੋਰਾਂ 'ਤੇ ਹੈ।


Vandana

Content Editor

Related News