ਇਟਲੀ : ਯੂ.ਐਨ ਦੇ ਦਫਤਰ ਮੂਹਰੇ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ''ਚ ਰੈਲੀ ਆਯੋਜਿਤ
Monday, Jan 18, 2021 - 05:58 PM (IST)
ਰੋਮ/ਇਟਲੀ (ਕੈਂਥ): ਯੂਰਪੀਅਨ ਸੰਸਥਾ ਮਾਰ ਮੂਵਮੈਂਟ ਦੇ ਵਲੰਟੀਅਰਾਂ ਵੱਲੋਂ ਰੋਮ ਵਿਖੇ ਯੂ.ਐਨ ਦੇ ਫੂਡ ਐਂਡ ਐਗਰੀਕਲਚਰ ਦਫਤਰ ਮੂਹਰੇ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਰੈਲੀ ਕੀਤੀ ਗਈ। ਇਹ ਯੂਰਪ ਦੀ ਪਹਿਲੀ ਰੈਲ਼ੀ ਸੀ ਜਿਸ ਵਿੱਚ ਯੂ.ਐਨ ਦੇ ਫੂਡ ਐਂਡ ਐਗਰੀਕਲਚਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਭਾਰਤ ਦੀ ਕੇਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾ ਖ਼ਿਲਾਫ਼ ਬਣਾਏ ਤਿੰਨ ਕਾਲੇ ਕਾਨੂੰਨਾਂ ਵਾਰੇ ਜਾਣਕਾਰੀ ਪ੍ਰਦਾਨ ਕਰਵਾਈ ਗਈ ਅਤੇ ਇਹਨਾਂ ਪ੍ਰਤੀ ਸਖ਼ਤ ਵਿਰੋਧ ਪ੍ਰਗਟ ਕੀਤਾ ਗਿਆ।
ਭਾਵੇਂ ਕਿ ਇਸ ਰੈਲੀ ਵਿਚ ਕੋਰੋਨਾ ਸੰਕਟ ਦੇ ਚਲਦਿਆ ਯੂਰਪ ਦੀਆ ਸੰਗਤਾਂ ਵੱਧ ਚੜ੍ਹ ਕੇ ਨਹੀਂ ਪਹੁੰਚ ਸਕੀਆਂ ਪਰ ਸੰਸਥਾ ਮਾਰ ਮੂਵਮੈਂਟ ਵੱਲੋਂ ਜ਼ਾਰੀ ਕੀਤੀ ਦਸਤਖ਼ਤ ਪਟੀਸ਼ਨ 'ਤੇ ਹਜ਼ਾਰਾਂ ਲੋਕਾ ਵੱਲੋਂ ਸਾਈਨ ਕਰਕੇ ਆਪਣਾ ਹਿੱਸਾ ਪਾਇਆ ਗਿਆ ਸੀ। ਇਸ ਰੈਲੀ ਦੀ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਨੌਜਵਾਨਾਂ ਨੇ ਯੂਰਪ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਆਪਣੇ ਵਿਚਾਰ ਰੱਖੇ ਅਤੇ ਭਾਰਤ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਸੰਸਥਾ ਮਾਰ ਮੂਵਮੈਂਟ ਵੱਲੋਂ ਇਸ ਮੌਕੇ 7 ਮਤੇ ਪਾਸ ਕੀਤੇ ਗਏ ਜੋ ਕਿ ਸਾਰੀਆਂ ਸੰਗਤਾਂ ਵਿੱਚ ਸੁਣਾਏ ਗਏ। ਅੰਤ ਵਿੱਚ ਨੌਜਵਾਨਾਂ ਨੇ ਕਾਲੇ ਕਾਨੂੰਨ ਦੀਆਂ ਕਾਪੀਆਂ ਪਾੜ ਕੇ ਭਾਰਤ ਸਰਕਾਰ ਖ਼ਿਲਾਫ਼ ਆਪਣਾ ਰੋਸ ਜਤਾਇਆ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।