ਇਟਲੀ ''ਚ ਮਨਾਇਆ ਗਿਆ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦਾ 64ਵਾਂ ਪਰਿ-ਨਿਰਵਾਣ ਦਿਵਸ

12/14/2020 3:20:43 PM

ਰੋਮ/ਇਟਲੀ (ਕੈਂਥ): ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ 64ਵਾਂ ਪਰਿ-ਨਿਰਵਾਣ ਦਿਵਸ ਮਨਾਇਆ ਗਿਆ।ਇਸ ਮੌਕੇ ਆਰੰਭੇ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਦੀਵਾਨਾਂ ‘ਚ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਅਜੀਤਪਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਮੁੱਚੀ ਮਾਨਵਤਾ ਨੂੰ ਸਮਾਨਤਾ ਦਿਵਾਉਣ ਲਈ ਆਪਣਾ ਜੀਵਨ ਨਿਸ਼ਾਵਰ ਕੀਤਾ ਅਤੇ ਅਜਿਹੇ ਸੰਵਿਧਾਨ ਦੀ ਰਚਨਾ ਕੀਤੀ ਜਿਸ ਨੂੰ ਪੂਰੀ ਦੁਨੀਆਂ ਵਿੱਚ ਮੰਨਿਆ ਜਾਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਹਾਕਮਧੀਰਾਂ ਸੰਵਿਧਾਨ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੀਆਂ ਜਿਸ ਕਾਰਨ ਅੱਜ ਸਮਾਜ ਵਿੱਚ ਆਮ ਇਨਸਾਨ ਦੀ ਲੁੱਟ ਹੁੰਦੀ ਹੈ।

ਇਸ ਮੌਕੇ ਮਿਸ਼ਨਰੀ ਗਾਇਕ ਅਮਰੀਕ ਸਾਬੋਤੀਨਾ ਨੇ ਬਾਬਾ ਸਾਹਿਬ ਨੂੰ ਸਮਰਪਿਤ ਆਪਣੇ ਇਨਕਲਾਬੀ ਗੀਤ ਪੇਸ਼ ਕਰਕੇ ਹਾਜ਼ਰ ਇੱਕਠ ਅੰਦਰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।ਪਰਿ-ਨਿਰਵਾਣ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਰਾਮ ਆਸਰਾ ਪ੍ਰਧਾਨ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ ਨੇ ਕਿਹਾ ਵਿਸ਼ਵ ਰਤਨ, (ਯੁਗ ਪੁਰਸ਼) ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾੳ ਅੰਬੇਡਕਰ ਜੀ ਦੇ ਦੁਆਰਾ ਲਿਖਿਆ ਗਿਆ ਭਾਰਤ ਦਾ ਸੰਵਿਧਾਨ ਜੋ ਕਿ 26 ਨਵੰਬਰ 1949 ਨੂੰ ਲਿਖ ਕੇ ਤਿਆਰ ਕੀਤਾ ਗਿਆ ਸੀ। ਜਿਸ ਨੂੰ ਲਿਖਣ ਵਿੱਚ 2 ਸਾਲ 11 ਮਹੀਨੇ 18 ਦਿਨ ਦਾ ਸਮਾ ਲੱਗਾ ਸੀ। ਇਸ ਸੰਵਿਧਾਨ ਵਿੱਚ 395 ਧਾਰਾਵਾਂ 22 ਭਾਗ ਅਤੇ 8 ਸੂਚੀਆਂ ਸਨ। ਹੁਣ ਇਸ ਦੀਆਂ 448 ਧਾਰਾਵਾਂ ਹਨ 25 ਭਾਗ ਹਨ 12 ਸੂਚੀਆਂ ਹਨ ਅਤੇ ਇਸ ਵਿੱਚ 2015 ਤੱਕ 98 ਸੋਧਾ ਕੀਤੀਆ ਜਾ ਚੁੱਕੀਆਂ ਹਨ।ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ।

ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ।ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਲਤਾੜਿਆ ਗਰੀਬ ਤਬਕਾ ਪੜ੍ਹ-ਲਿਖ ਸਕਿਆ ਹੈ ਤੇ ਅੱਜ ਦੁਨੀਆ ਭਰ ਵਿੱਚ ਮਾਣ-ਸਨਮਾਨ ਭਰਿਆ ਜੀਵਨ ਬਸਰ ਕਰ ਰਿਹਾ ਹੈ।ਦੁਨੀਆ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜਰੂਰਤ ਹੈ।ਇਸ ਮੌਕੇ ਪੰਜਾਬ ਦੇ ਕਿਸਾਨ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦੇ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।ਇਸ ਸਮਾਗਮ ਨੂੰ ਨੇਪੜੇ ਚਾੜਨ ਵਿੱਚ ਬਲਦੇਵ ਰਾਜ, ਹੰਸ ਰਾਜ, ਪਰਮਜੀਤ ਪੰਮਾ, ਭਜਨ ਸਿੰਘ ਸਿੰਦੀ, ਗੁਰਦੇਵ ਰਾਮ ,ਚਮਨ ਲਾਲ ਭੱਟੀ, ਪ੍ਰਗਣ ਕੁਮਾਰ ਸਹੂੰਗੜਾ, ਅਮਰੀਕ ਜੱਖੂ, ਚੰਨਣ ਰਾਮ ਆਦਿ ਸੇਵਾਦਾਰਾਂ ਨੇ ਅਹਿਮ ਭੂਮਿਕਾ ਨਿਭਾਈ।


Vandana

Content Editor

Related News