ਇਟਲੀ : ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਆਯੋਜਿਤ

07/27/2021 1:33:27 PM

ਰੋਮ (ਕੈਂਥ): ਭਾਰਤੀ ਸੰਵਿਧਾਨ ਦੇ ਨਿਰਮਾਤਾ ਔਰਤ ਜਾਤੀ ਦੇ ਮੁਕਤੀ ਦਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸ੍ਰੀ ਗੁਰੂ ਰਵੀਦਾਸ ਟੈਂਪਲ ਮਨੈਰਬਿਓ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਇਟਲੀ ਦੀ ਸਿਰਮੌਰ ਸੰਸਥਾ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਬੀਬਾ ਸਬਰੀਨਾ, ਬੀਬੀ ਬਲਜਿੰਦਰ ਕੌਰ ਵਿਰਕ, ਬੀਬਾ ਕਮਲਜੀਤ ਕੌਰ, ਸ਼ਾਮ ਲਾਲ ਟੂਰਾ, ਕੇਵਲ ਕ੍ਰਿਸ਼ਨ ਆਦਿ ਨੇ ਬਾਬਾ ਸਾਹਿਬ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ।      

       PunjabKesari                              

ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਸੰਸਥਾ ਦੇ ਸਰਪ੍ਰਸਤ ਗਿਆਨ ਚੰਦ ਸੂਦ ਨੇ ਵੀ ਸੰਬੋਧਨ ਕੀਤਾ ਅਤੇ ਜਨਮ ਦਿਨ ਦੀ ਵਧਾਈ ਦਿੱਤੀ। ਇਹਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸਰਬਜੀਤ ਵਿਰਕ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਸਾਰੀ ਜਿੰਦਗੀ ਦੇਸ਼ ਅਤੇ ਆਪਣੇ ਸਮਾਜ ਲਈ ਕੁਰਬਾਨ ਕਰ ਦਿਤੀ। ਅਸੀਂ ਉਨ੍ਹਾਂ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ।    ਮੁੱਖ ਮਹਿਮਾਨ ਕੈਲਾਸ਼ ਬੰਗੜ ਪ੍ਰਧਾਨ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਜੀਵਨ ਮਿਸ਼ਨ ਨੂੰ ਸਮਝਣ ਦੀ ਬਹੁਤ ਲੋੜ ਹੈ। ਅਸੀਂ ਸਭ ਰਲ ਮਿਲ ਕੇ ਉਨ੍ਹਾਂ ਦੇ ਕਾਰਵਾਂ ਨੂੰ ਅੱਗੇ ਲੈ ਕੇ ਚੱਲੀਏ। ਬਾਬਾ ਸਾਹਿਬ ਆਪਣਾ ਫਰਜ਼ ਨਿਭਾ ਗਏ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਈਏ।ਬਾਬਾ ਸਾਹਿਬ ਦੀਆਂ ਕੀਤੀਆਂ ਘਾਲਨਾਵਾਂ ਦੀ ਬਦੌਲਤ ਹੀ ਭਾਰਤ ਦੇ ਅਣਗੌਲੇ ਸਮਾਜ ਨੂੰ ਸਨਮਾਨ ਨਾਲ ਜਿਉਣ ਦਾ ਹੱਕ ਮਿਲਿਆ।

PunjabKesari

ਪੜ੍ਹੋ ਇਹ ਅਹਿਮ ਖਬਰ - ਹਿੰਦੂ ਮੰਦਰ ਗਲਾਸਗੋ ਵਿਖੇ ਮੂਰਤੀ ਸਥਾਪਨਾ ਦਿਵਸ ਦੀ 15ਵੇਂ ਵਰ੍ਹੇਗੰਢ ਸੰਬੰਧੀ ਸਮਾਗਮ 

ਇਥੇ ਵਰਨਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਪ੍ਰਧਾਨ ਸ੍ਰ ਸੁਰਿੰਦਰਜੀਤ ਸਿੰਘ ਪੰਡੋਰੀ ਵੀ ਆਪਣੇ ਸਾਥੀਆਂ ਸਮੇਤ ਪ੍ਰੋਗਰਾਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਪਸੀ ਤਾਲਮੇਲ ਰੱਖਣ ਲਈ ਵੀ ਕਿਹਾ ਤਾਂ ਜੋ ਇਟਲੀ ਵਿੱਚ ਅਸੀਂ ਕਾਮਯਾਬੀ ਦੀਆਂ ਮੰਜਿਲਾਂ ਸਰ ਕਰੀਏ। ਮੰਚ ਸੰਚਾਲਨ ਦੀ ਭੂਮਿਕਾ ਦੇਸ ਰਾਜ ਹੀਰ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿਚ ਗੁਰੂ ਘਰ ਦੇ ਪ੍ਰਧਾਨ ਅਮਰੀਕ ਦੌਲੀਕੇ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਜਨਮ ਦਿਨ ਸਮਾਗਮ ਮੌਕੇ ਇਲਾਕੇ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।


Vandana

Content Editor

Related News