ਨਿਊ ਓਰਲੀਨਜ਼ ''ਚ ਹੋਈ ਗੋਲੀਬਾਰੀ, 2 ਵਿਅਕਤੀਆਂ ਦੀ ਮੌਤ ਤੇ ਹੋਰ 3 ਜ਼ਖਮੀ

02/14/2018 3:31:30 PM

ਨਿਊ ਓਰਲੀਨਜ਼— ਅਮਰੀਕਾ ਦੇ ਸ਼ਹਿਰ ਨਿਊ ਓਰਲੀਨਜ਼ ਦੀ ਪੁਲਸ ਮਾਰਡੀ ਗ੍ਰਾਸ ਕਾਰਨੀਲਲ ਤੋਂ ਕੁੱਝ ਦੂਰ ਵਾਪਰੀ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਐਮਬ੍ਰੀਆ ਵਾਸ਼ਿੰਗਟਨ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਸ਼ੁਰੂਆਤੀ ਖਬਰਾਂ 'ਚ ਪਤਾ ਲੱਗਾ ਕਿ ਲੋਵਰ 9ਵੇਂ ਵਾਰਡ 'ਚ ਅਤੇ ਸੈਂਟ ਕਲਾਡ ਅਵੇਨਿਊ ਦੇ 5100 ਬਲਾਕ 'ਚ ਇਕ ਗੈਸ ਸਟੇਸ਼ਨ ਨੇੜੇ 5 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ। 
ਸੂਤਰਾਂ ਮੁਤਾਬਕ ਸਾਰੇ ਪੀੜਤ ਕਾਰ 'ਚ ਸਨ ਅਤੇ ਇੱਥੋਂ ਇਕ ਪੀੜਤ ਦੀ ਲਾਸ਼ ਕੱਢੀ ਗਈ ਅਤੇ ਬਾਕੀ 4 ਵਿਅਕਤੀਆਂ ਨੂੰ ਹਸਪਤਾਲ ਲੈ ਜਾਇਆ ਗਿਆ, ਇਨ੍ਹਾਂ 'ਚੋਂ ਇਕ ਦੀ ਮੌਤ ਹਸਪਤਾਲ ਜਾਂਦਿਆਂ ਹੀ ਹੋ ਗਈ ਅਤੇ ਬਾਕੀ ਤਿੰਨਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਸ ਥਾਂ 'ਤੇ ਖੜ੍ਹੀ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਹਨ ਅਤੇ ਘੱਟੋ-ਘੱਟ ਇਕ ਦਰਜਨ ਗੋਲੀਆਂ ਦੇ ਨਿਸ਼ਾਨ ਇਸ 'ਤੇ ਹਨ। ਕਿਹਾ ਜਾ ਰਿਹਾ ਹੈ ਕਿ ਇਕ ਤੋਂ ਵਧੇਰੇ ਦੋਸ਼ੀ ਇਸ 'ਚ ਸ਼ਾਮਲ ਹਨ। 

PunjabKesari
ਅਜੇ ਪੀੜਤਾਂ ਦੇ ਨਾਂ ਅਤੇ ਉਮਰ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਅਤੇ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਘਟਨਾ ਵਾਲੇ ਸਥਾਨ ਦੀ ਘੇਰਾਬੰਦੀ ਕਰ ਦਿੱਤੀ ਹੈ। ਇਕ ਵਿਅਕਤੀ ਦੇ ਸਿਰ 'ਚ ਗੋਲੀ ਮਾਰੀ ਗਈ ਅਤੇ ਉਸ ਦੀ ਹਾਲਤ ਗੰਭੀਰ ਹੈ। ਇਕ ਨਾਬਾਲਗ ਲੜਕੇ ਦੇ ਪੈਰ 'ਤੇ ਗੋਲੀ ਵੱਜੀ ਪਰ ਇਸ ਦੀ ਹਾਲਤ ਸਥਿਰ ਹੈ। 
ਪੁਲਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇੱਥੇ ਲੋਕਾਂ ਦੀ ਭੀੜ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਔਰਤ ਜ਼ਬਰਦਸਤੀ ਇਸ ਘਟਨਾ ਵਾਲੇ ਸਥਾਨ 'ਤੇ ਜਾ ਰਹੀ ਸੀ, ਜਿਸ ਨੂੰ ਉਨ੍ਹਾਂ ਨੇ ਮੁਸ਼ਕਲ ਨਾਲ ਰੋਕਿਆ। ਘਟਨਾ ਵਾਲੀ ਥਾਂ 'ਤੇ ਬਹੁਤ ਸਾਰੇ ਲੋਕਾਂ ਦੇ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ।  


Related News