23 ਸਾਲਾਂ ਬਾਅਦ ਇਜ਼ਰਾਈਲੀ ਟੈਂਕ ਵੈਸਟ ਬੈਂਕ ’ਚ ਹੋਏ ਦਾਖਲ
Tuesday, Feb 25, 2025 - 01:35 AM (IST)

ਤੇਲ ਅਵੀਵ : ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਵੈਸਟ ਬੈਂਕ ਦੇ ਸ਼ਹਿਰ ਜੇਨਿਨ ’ਚ ਟੈਂਕ ਤਾਇਨਾਤ ਕੀਤੇ। ਇਹ 23 ਸਾਲਾਂ ਬਾਅਦ ਹੋਇਆ ਹੈ, ਜਦੋਂ ਫੌਜ ਦੇ ਟੈਂਕ ਵੈਸਟ ਬੈਂਕ ’ਚ ਦਾਖਲ ਹੋਏ ਹਨ। ਇਹ ਆਖਰੀ ਵਾਰ 2002 ’ਚ ਹੋਇਆ ਸੀ। ਜੇਨਿਨ ’ਚ ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲ ਵਿਰੁੱਧ ਟਕਰਾਅ ਚੱਲ ਰਿਹਾ ਹੈ।
ਇਜ਼ਰਾਈਲੀ ਰੱਖਿਆ ਬਲ ਨੇ ਕਿਹਾ ਕਿ ਉਸ ਨੇ ਜੇਨਿਨ ਨੇੜੇ ਇਕ ਟੈਂਕ ਡਿਵੀਜ਼ਨ ਤਾਇਨਾਤ ਕੀਤੀ ਹੈ। ਇਕ ਡਿਵੀਜ਼ਨ ’ਚ 40 ਤੋਂ 60 ਟੈਂਕ ਹੁੰਦੇ ਹਨ। ਇਜ਼ਰਾਈਲ ਨੇ ਫਿਲਸਤੀਨ ਦੇ ਜੇਨਿਨ, ਤੁਲਕਰਮ ਅਤੇ ਨੂਰ ਸ਼ਮਸ ’ਚ ਸ਼ਰਨਾਰਥੀ ਕੈਂਪ ਖਾਲੀ ਕਰਵਾ ਲਏ ਹਨ। ਇਨ੍ਹਾਂ ਕੈਂਪਾਂ ’ਚ ਫਿਲਸਤੀਨੀ ਨਾਗਰਿਕਾਂ ਨੇ ਸ਼ਰਨ ਲਈ ਹੋਈ ਸੀ।
ਇਨ੍ਹਾਂ ਤਿੰਨਾਂ ਕੈਂਪਾਂ ਤੋਂ 40,000 ਫਿਲਸਤੀਨੀਆਂ ਨੂੰ ਕੱਢਿਆ ਗਿਆ ਹੈ। ਇਜ਼ਰਾਈਲ ਨੇ 21 ਜਨਵਰੀ ਤੋਂ ਉਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। 1967 ਦੀ ਇਜ਼ਰਾਈਲ-ਅਰਬ ਜੰਗ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਫਿਲਸਤੀਨੀ ਨਾਗਰਿਕ ਬੇਘਰ ਹੋਏ ਹਨ।