ਲਿਬਨਾਨ ’ਚ ਇਜ਼ਰਾਈਲ ਵੱਲੋਂ ਹਵਾਈ ਹਮਲਾ; 14 ਲੋਕਾਂ ਦੀ ਮੌਤ

Thursday, Nov 20, 2025 - 02:34 PM (IST)

ਲਿਬਨਾਨ ’ਚ ਇਜ਼ਰਾਈਲ ਵੱਲੋਂ ਹਵਾਈ ਹਮਲਾ; 14 ਲੋਕਾਂ ਦੀ ਮੌਤ

ਸਿਡੋਨ (ਭਾਸ਼ਾ)– ਦੱਖਣੀ ਲਿਬਨਾਨ ਵਿਚ ਇਕ ਕਾਰ ’ਤੇ ਇਜ਼ਰਾਈਲੀ ਹਵਾਈ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਨੇੜੇ ਖੜ੍ਹੀ ਇਕ ਬੱਸ ਵਿਚ ਸਵਾਰ ਵਿਦਿਆਰਥੀ ਵੀ ਸ਼ਾਮਲ ਹਨ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੱਖਣੀ ਲਿਬਨਾਨ ਦੇ ਤਿਰੀ ਵਿਚ ਇਕ ਫਿਲਸਤੀਨੀ ਸ਼ਰਨਾਰਥੀ ਕੈਂਪ ’ਤੇ ਇਜ਼ਰਾਈਲੀ ਹਵਾਈ ਹਮਲੇ ਵਿਚ 13 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਇਕ ਸਾਲ ਪਹਿਲਾਂ ਇਜ਼ਰਾਈਲ-ਹਿਜ਼ਬੁੱਲਾ ਵਿਚਾਲੇ ਹੋਈ ਜੰਗਬੰਦੀ ਤੋਂ ਬਾਅਦ ਲਿਬਨਾਨ ਵਿਚ ਸਭ ਤੋਂ ਘਾਤਕ ਹਮਲਾ ਸੀ। ਸਰਕਾਰੀ ਖਬਰ ਏਜੰਸੀ ਨੇ ਰਿਪੋਰਟ ਦਿੱਤੀ ਕਿ ਬੁੱਧਵਾਰ ਸਵੇਰੇ ਜਿਸ ਕਾਰ ’ਤੇ ਹਮਲਾ ਹੋਇਆ, ਉਸ ਦੇ ਨੇੜਿਓਂ ਵਿਦਿਆਰਥੀਆਂ ਨਾਲ ਭਰੀ ਇਕ ਸਕੂਲ ਬੱਸ ਲੰਘ ਰਹੀ ਸੀ। ਇਸ ਹਮਲੇ ’ਚ ਬੱਸ ਦਾ ਡਰਾਈਵਰ ਅਤੇ ਕਈ ਵਿਦਿਆਰਥੀ ਜ਼ਖਮੀ ਹੋ ਗਏ। ਕਾਰ ਵਿਚ ਮਰਨ ਵਾਲੇ ਵਿਅਕਤੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।

ਇਜ਼ਰਾਈਲੀ ਫੌਜ ਨੇ ਅਜੇ ਤੱਕ ਘਟਨਾ ਸੰਬੰਧੀ ਕੋਈ ਵੀ ਟਿੱਪਣੀ ਨਹੀਂ ਕੀਤੀ। ਸਰਕਾਰੀ ਰਾਸ਼ਟਰੀ ਖਬਰ ਏਜੰਸੀ ਨੇ ਰਿਪੋਰਟ ਦਿੱਤੀ ਕਿ ਡਰੋਨ ਹਮਲੇ ਵਿਚ ਕੰਢੀ ਸ਼ਹਿਰ ਸਿਡੋਨ ਦੇ ਬਾਹਰਵਾਰ ਆਈਨ ਅਲ-ਹਿਲਵੇਹ ਸ਼ਰਨਾਰਥੀ ਕੈਂਪ ਵਿਚ ਇਕ ਮਸਜਿਦ ਦੀ ਪਾਰਕਿੰਗ ਵਿਚ ਖੜ੍ਹੀ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਜ਼ਰਾਈਲੀ ਫੌਜ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਸ ਨੇ ਇਜ਼ਰਾਈਲ ਅਤੇ ਉਸ ਦੇ ਸੁਰੱਖਿਆ ਬਲਾਂ ਵਿਰੁੱਧ ਹਮਲਿਆਂ ਦੀ ਤਿਆਰੀ ਲਈ ਵਰਤੇ ਜਾ ਰਹੇ ਹਮਾਸ ਦੇ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ।


author

cherry

Content Editor

Related News