ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਤਬਾਹੀ, ਹਵਾਈ ਹਮਲਿਆਂ 'ਚ 2 ਜਵਾਕਾਂ ਸਣੇ 8 ਫਲਸਤੀਨੀਆਂ ਦੀ ਮੌਤ
Tuesday, Aug 25, 2026 - 09:09 AM (IST)
ਗਾਜ਼ਾ : ਗਾਜ਼ਾ 'ਤੇ ਹੋਏ ਭਿਆਨਕ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ 2 ਬੱਚਿਆਂ ਸਮੇਤ ਘੱਟੋ-ਘੱਟ 8 ਫਲਸਤੀਨੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਐਤਵਾਰ ਨੂੰ ਇਜ਼ਰਾਈਲ ਨੇ ਅਲ-ਜ਼ਵਾਇਦਾ ਵਿੱਚ ਇੱਕ ਗੋਦਾਮ ਉੱਤੇ ਮਿਜ਼ਾਈਲਾਂ ਦਾਗੀਆਂ ਸੀ, ਜਿਸ ਨਾਲ ਉਹ ਪੂਰੀ ਤਰ੍ਹਾਂ ਮਲਬੇ ਵਿੱਚ ਤਬਦੀਲ ਹੋ ਗਿਆ। ਇਸ ਤੋਂ ਬਾਅਦ ਸਲਾਹ ਅਲ-ਦੀਨ ਸਟ੍ਰੀਟ ਦੇ ਨੇੜੇ ਵੀ ਹਮਲੇ ਕੀਤੇ ਗਏ, ਜਿਸ ਵਿੱਚ 4 ਸਾਲ ਦੇ ਮਾਸੂਮ ਮੁਹੰਮਦ ਅਬਦੇਲ ਸਲਾਮ ਤਾਹਾ ਦੀ ਮੌਤ ਹੋ ਗਈ ਸੀ।
ਬੱਚਿਆਂ ਦੀਆਂ ਪਤੰਗਾਂ ਬਣੀਆਂ ਇਜ਼ਰਾਈਲ ਲਈ ਸੁਰੱਖਿਆ ਦਾ ਮੁੱਦਾ
ਇਸ ਭਿਆਨਕ ਹਵਾਈ ਹਮਲੇ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਥਿਤ ਤੌਰ 'ਤੇ ਗਾਜ਼ਾ ਵੱਲੋਂ ਉਡਾਈਆਂ ਜਾ ਰਹੀਆਂ ਕਾਗਜ਼ੀ ਪਤੰਗਾਂ ਕਾਰਨ ਹਮਲਿਆਂ ਨੂੰ ਹੋਰ ਤੇਜ਼ ਕਰਨ ਦੀ ਧਮਕੀ ਦਿੱਤੀ ਸੀ। ਬੱਚਿਆਂ ਦੇ ਹੱਥਾਂ ਵਿੱਚ ਨਜ਼ਰ ਆਉਣ ਵਾਲੀਆਂ ਇਹ ਪਤੰਗਾਂ ਹੁਣ ਇਜ਼ਰਾਈਲ ਦੀ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਬਣ ਗਈਆਂ ਹਨ।
ਇਹ ਵੀ ਪੜ੍ਹੋ : ਪੂਰਬੀ ਪ੍ਰਸ਼ਾਂਤ ਮਹਾਂਸਾਗਰ 'ਚ ਕਿਸ਼ਤੀ 'ਤੇ ਅਮਰੀਕੀ ਹਮਲਾ, ਦੋ ਲੋਕਾਂ ਦੀ ਮੌਤ
ਰੱਖਿਆ ਮੰਤਰੀ ਦੀ ਫੌਜੀ ਅਧਿਕਾਰੀਆਂ ਨਾਲ ਉੱਚ-ਪੱਧਰੀ ਬੈਠਕ
ਇਸ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਫੌਜ ਦੇ ਉੱਚ ਅਧਿਕਾਰੀਆਂ ਨਾਲ ਇੱਕ ਰਣਨੀਤਕ ਬੈਠਕ ਕੀਤੀ, ਜਿਸ ਵਿੱਚ ਗਾਜ਼ਾ ਤੋਂ ਆਉਣ ਵਾਲੀਆਂ ਇਨ੍ਹਾਂ ਪਤੰਗਾਂ ਨਾਲ ਨਜਿੱਠਣ ਲਈ ਅਗਲੀ ਰਣਨੀਤੀ 'ਤੇ ਗੰਭੀਰ ਚਰਚਾ ਹੋਈ। ਰੱਖਿਆ ਮੰਤਰੀ ਕਾਟਜ਼ ਨੇ ਫੌਜ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਲਾਂਚਿੰਗਾਂ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪਤੰਗਾਂ ਨੂੰ ਡਰੋਨ ਵਾਂਗ ਹੀ ਮੰਨਿਆ ਜਾਵੇਗਾ, ਚਾਹੇ ਉਨ੍ਹਾਂ ਵਿੱਚ ਵਿਸਫੋਟਕ ਹੋਣ ਜਾਂ ਨਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਤੰਗਾਂ ਉਡਾਉਣ ਲਈ ਹਮਾਸ ਦੇ ਕਮਾਂਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਹਰ ਰਾਤ 30 ਤੋਂ 40 ਲੋਕਾਂ ਨੂੰ ਮਾਰਨ ਦੀ ਮੰਗ
ਦੂਜੇ ਪਾਸੇ, ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਗਾਜ਼ਾ ਵਿੱਚ ਚੱਲ ਰਹੀ ਫੌਜੀ ਕਾਰਵਾਈ ਨੂੰ ਹੋਰ ਤੇਜ਼ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਇੱਕ ਪੌਡਕਾਸਟ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਹਰ ਰਾਤ 30 ਤੋਂ 40 ਲੋਕਾਂ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਨੀਤੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਉਹ ਹਾਲ ਹੀ ਦੇ ਦਿਨਾਂ ਵਿੱਚ ਹਮਲਿਆਂ ਵਿੱਚ ਕੀਤੀ ਗਈ ਕਮੀ ਨਾਲ ਬਿਲਕੁਲ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਚੀਨੀ ਦੀਆਂ ਕੀਮਤਾਂ 'ਚ ਭਾਰੀ ਉਛਾਲ; 50 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚੇ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
