ਇਜ਼ਰਾਈਲ ਨੇ UN ਸਕੱਤਰ ਜਨਰਲ ਗੁਟੇਰੇਸ 'ਤੇ ਲਾਈ ਪਾਬੰਦੀ, ਕਿਹਾ- ਅੱਤਵਾਦੀਆਂ ਨੂੰ ਦੇ ਰਹੇ ਸਮਰਥਨ
Wednesday, Oct 02, 2024 - 05:58 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਈਰਾਨ ਵਿਚਕਾਰ ਸਿੱਧੀ ਜੰਗ ਛਿੜ ਗਈ ਹੈ। ਮੰਗਲਵਾਰ ਦੇਰ ਸ਼ਾਮ ਤੋਂ ਦੋਵਾਂ ਪਾਸਿਆਂ ਤੋਂ ਹਵਾਈ ਹਮਲੇ ਜਾਰੀ ਹਨ। ਇਸ ਦਾ ਅਸਰ ਪੂਰੀ ਦੁਨੀਆ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਜ਼ਰਾਇਲੀ ਫੌਜ ਨੇ ਲੇਬਨਾਨ ਵਿਚ ਦਾਖਲ ਹੋ ਕੇ ਹਿਜ਼ਬੁੱਲਾ ਲੜਾਕਿਆਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਨੇ ਈਰਾਨ ਨੂੰ ਚਿਤਾਵਨੀ ਵੀ ਦਿੱਤੀ ਹੈ।
ਇਸ ਸਭ ਦੇ ਵਿਚਕਾਰ, ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੂੰ ਆਪਣੇ ਦੇਸ਼ 'ਚ ਵਿਅਕਤੀਗਤ ਗੈਰ-ਗ੍ਰਾਟਾ (ਇੱਕ ਵਿਅਕਤੀ ਜਿਸਦਾ ਹੁਣ ਕੋਈ ਸਨਮਾਨ ਜਾਂ ਸਵਾਗਤ ਨਹੀਂ ਕੀਤਾ ਜਾਵੇਗਾ) ਐਲਾਨ ਕਰਨ ਅਤੇ ਉਨ੍ਹਾਂ ਦੇ ਦੇਸ਼ ਵਿੱਚ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਇਜ਼ਰਾਈਲ ਦੇ ਵਿਦੇਸ਼ ਮੰਤਰੀ ਕੈਟਜ਼ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੋ ਕੋਈ ਵੀ ਵਿਅਕਤੀ ਇਜ਼ਰਾਈਲ 'ਤੇ ਈਰਾਨ ਦੇ ਅਪਰਾਧਿਕ ਹਮਲੇ ਦੀ ਸਪੱਸ਼ਟ ਨਿੰਦਾ ਕਰਨ 'ਚ ਅਸਮਰਥ ਹੈ, ਉਹ ਇਜ਼ਰਾਈਲ ਦੀ ਧਰਤੀ 'ਤੇ ਪੈਰ ਰੱਖਣ ਦੇ ਯੋਗ ਨਹੀਂ ਹੈ। ਇਹ (ਗੁਟੇਰੇਸ) ਅੱਤਵਾਦੀਆਂ, ਬਲਾਤਕਾਰੀਆਂ ਅਤੇ ਕਾਤਲਾਂ ਦਾ ਸਮਰਥਨ ਦਿੰਦੇ ਹਨ। ਗੁਟੇਰੇਸ ਨੂੰ ਸੰਯੁਕਤ ਰਾਸ਼ਟਰ ਦੇ ਇਤਿਹਾਸ 'ਤੇ ਇੱਕ ਧੱਬੇ ਵਜੋਂ ਯਾਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਸਕੱਤਰ-ਜਨਰਲ ਹੈ, ਜਿਸ ਨੇ 7 ਅਕਤੂਬਰ ਨੂੰ ਹਮਾਸ ਦੇ ਕਾਤਲਾਂ ਵੱਲੋਂ ਕੀਤੇ ਗਏ ਕਤਲੇਆਮ ਅਤੇ ਜਿਨਸੀ ਅੱਤਿਆਚਾਰਾਂ ਦੀ ਨਿੰਦਾ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੈ। ਇੱਕ ਸਕੱਤਰ-ਜਨਰਲ ਜੋ ਹਮਾਸ, ਹਿਜ਼ਬੁੱਲਾ, ਹੂਤੀ ਅਤੇ ਹੁਣ ਈਰਾਨ (ਗਲੋਬਲ ਦਹਿਸ਼ਤ ਦੀ ਮਾਂ) ਦੇ ਅੱਤਵਾਦੀਆਂ, ਬਲਾਤਕਾਰੀਆਂ ਅਤੇ ਕਾਤਲਾਂ ਦਾ ਸਮਰਥਨ ਕਰਦਾ ਹੈ, ਸੰਯੁਕਤ ਰਾਸ਼ਟਰ ਦੇ ਇਤਿਹਾਸ 'ਤੇ ਇੱਕ ਕਲੰਕ ਵਜੋਂ ਯਾਦ ਕੀਤਾ ਜਾਵੇਗਾ। ਇਜ਼ਰਾਈਲ ਐਂਟੋਨੀਓ ਗੁਟੇਰੇਸ ਦੇ ਨਾਲ ਜਾਂ ਬਿਨਾਂ, ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਤੇ ਆਪਣੇ ਰਾਸ਼ਟਰੀ ਮਾਣ ਨੂੰ ਬਰਕਰਾਰ ਰੱਖਣਾ ਜਾਰੀ ਰੱਖੇਗਾ।
ਈਰਾਨ ਨੇ ਜਾਰੀ ਕੀਤੀ ਮੋਸਟ ਵਾਂਟੇਡ ਸੂਚੀ, ਨੇਤਨਯਾਹੂ ਦਾ ਨਾਂ ਵੀ ਸ਼ਾਮਲ
ਈਰਾਨ ਦੇ ਖੁਫੀਆ ਮੰਤਰਾਲੇ ਨੇ ਇਜ਼ਰਾਈਲ ਦੇ ਮੋਸਟ ਵਾਂਟੇਡ ਦੀ ਸੂਚੀ ਜਾਰੀ ਕੀਤੀ ਹੈ। ਖੁਫੀਆ ਏਜੰਸੀ ਦੁਆਰਾ ਹਿਬਰੂ 'ਚ ਜਾਰੀ ਕੀਤੀ ਗਈ ਧਮਕੀ 'ਚ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਹੋਰ ਪ੍ਰਮੁੱਖ ਰੱਖਿਆ ਅਧਿਕਾਰੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਨੇਤਨਯਾਹੂ ਦਾ ਨਾਮ ਇੱਕ ਫੋਟੋ ਦੇ ਨਾਲ ਸੂਚੀ 'ਚ ਚੋਟੀ ਦੇ ਤਿੰਨ 'ਚ ਹੈ, ਇਸ ਤੋਂ ਬਾਅਦ ਰੱਖਿਆ ਮੰਤਰੀ ਯੋਵ ਗੈਲੈਂਟ ਅਤੇ ਫੌਜ ਮੁਖੀ ਹਰਜੀ ਹਲੇਵੀ ਦਾ ਨਾਂ ਹੈ।
ਲੇਬਨਾਨ ਦੇ ਸਰਹੱਦੀ ਸ਼ਹਿਰ 'ਚ ਆਹਮੋ-ਸਾਹਮਣੇ ਦੀ ਲੜਾਈ
ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਈਲ ਨੇ ਪਿਛਲੇ 12 ਘੰਟਿਆਂ 'ਚ ਛੇਵੀਂ ਵਾਰ ਬੇਰੂਤ 'ਤੇ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਜ਼ਮੀਨੀ ਹਮਲੇ ਲਈ ਲੇਬਨਾਨ ਜਾਣ ਲਈ ਹੋਰ ਸੈਨਿਕਾਂ ਨੂੰ ਭੇਜਣ ਦਾ ਹੁਕਮ ਦਿੱਤਾ ਹੈ। ਦਰਜਨਾਂ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਲੇਬਨਾਨ ਦੇ ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਸ ਦੇ ਲੜਾਕੇ ਸਰਹੱਦੀ ਸ਼ਹਿਰ ਮਾਰੂਨ ਅਲ ਰਾਸ ਵਿੱਚ ਇਜ਼ਰਾਈਲੀ ਬਲਾਂ ਨਾਲ ਆਹਮੋ ਸਾਹਮਣੇ ਲੜ ਰਹੇ ਹਨ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉੱਤਰੀ ਖੇਤਰ ਦੇ ਸਫੇਦ 'ਚ ਰਾਕੇਟ ਸਾਇਰਨ ਨੂੰ ਬੰਦ ਕਰ ਦਿੱਤਾ ਗਿਆ ਹੈ। ਲੇਬਨਾਨ ਨਾਲ ਲੱਗਦੀ ਇਜ਼ਰਾਈਲ ਦੀ ਸਰਹੱਦ 'ਤੇ ਹਿਜ਼ਬੁੱਲਾ ਦੇ ਲੜਾਕਿਆਂ ਨਾਲ ਹੋਈ ਝੜਪ 'ਚ ਦੋ ਇਜ਼ਰਾਈਲੀ ਫੌਜੀ ਮਾਰੇ ਗਏ ਹਨ ਅਤੇ 18 ਜ਼ਖਮੀ ਹੋ ਗਏ ਹਨ।