ਇਜ਼ਰਾਈਲ : ਚਾਕੂ ਨਾਲ ਹਮਲੇ ’ਚ 1 ਵਿਅਕਤੀ ਦੀ ਮੌਤ ਤੇ 4 ਜ਼ਖਮੀ
Tuesday, Mar 04, 2025 - 10:35 AM (IST)

ਯੇਰੂਸ਼ਲਮ (ਏ. ਪੀ.)- ਇਜ਼ਰਾਈਲ ਦੇ ਉੱਤਰੀ ਸ਼ਹਿਰ ਹਾਈਫਾ ’ਚ ਸੋਮਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ’ਚ ਲੱਗਭਗ 60 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਕਿ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਇਕ ਟ੍ਰਾਂਜ਼ਿਟ ਸੈਂਟਰ ਵਿਚ ਵਾਪਰੀ।
ਉਹ ਇਸ ਹਮਲੇ ਨੂੰ ਇਕ ਅੱਤਵਾਦੀ ਹਮਲਾ ਮੰਨ ਕੇ ਚੱਲ ਰਹੀ ਹੈ। ਇਕ ਸੁਰੱਖਿਆ ਗਾਰਡ ਤੇ ਇਕ ਨਾਗਰਿਕ ਨੇ ਹਮਲਾਵਰ ਨੂੰ ਮਾਰ ਦਿੱਤਾ। ਹਮਲਾਵਰ ਅਰਬੀ ਮੂਲ ਦਾ ਇਜ਼ਰਾਈਲੀ ਨਾਗਰਿਕ ਸੀ। ਇਹ ਹਮਲਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਗਾਜ਼ਾ ’ਚ ਜੰਗਬੰਦੀ ਨੂੰ ਲੈ ਕੇ ਤਣਾਅ ਬਹੁਤ ਜ਼ਿਆਦਾ ਹੈ। ਫਿਲਸਤੀਨੀ ਇਸਲਾਮੀ ਕੱਟੜਪੰਥੀ ਸੰਗਠਨ ਹਮਾਸ ਨੇ ਇਸ ਹਮਲੇ ਦਾ ਸਮਰਥਨ ਕੀਤਾ ਪਰ ਉਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।