ਪਾਕਿਸਤਾਨ ਦੀ ਸਰਪ੍ਰਸਤੀ ''ਚ ਦੱਖਣੀ ਏਸ਼ੀਆ ''ਚ ਨੈੱਟਵਰਕ ਫੈਲਾ ਰਿਹੈ ISIS
Thursday, Oct 01, 2020 - 03:46 PM (IST)

ਬਗਦਾਦ- ਸੀਰੀਆ ਅਤੇ ਇਰਾਕ ਵਿਚ ਪਤਨ ਦੇ ਬਾਅਦ ਇਸਲਾਮਕ ਸਟੇਟ ਪਾਕਿਸਤਾਨ ਦੀ ਸਰਪ੍ਰਸਤੀ ਵਿਚ ਤੇਜ਼ੀ ਕਾਰਨ ਦੱਖਣੀ ਏਸ਼ੀਆ ਵਿਚ ਆਪਣਾ ਨੈੱਟਵਰਕ ਫੈਲਾ ਰਿਹਾ ਹੈ, ਜਿੱਥੇ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿਚ ਅੱਤਵਾਦੀ ਅਤੇ ਕੱਟੜਪੰਥੀ ਸਮੂਹ ਮੌਜੂਦ ਹਨ।
ਇਸਲਾਮਕ ਸਟੇਟ ਨਾਲ ਹਮਦਰਦੀ ਰੱਖਣ ਵਾਲੇ ਕੁਝ ਪੂਰਬੀ ਤਾਲਿਬਾਨ ਕਮਾਂਡਰਾਂ ਨੇ ਖੇਤਰ ਵਿਚ ਸਮੂਹ ਦੀ ਉਪਸਥਿਤੀ ਨੂੰ ਮਜ਼ਬੂਤ ਕਰਨ ਲਈ ਭਰਤੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 45ਵੇਂ ਸੈਸ਼ਨ ਤੋਂ ਵੱਖ ਦੱਖਣੀ ਏਸ਼ੀਆ ਵਿਚ ਇਸਲਾਮੀ ਸਟੇਟ ਦਾ ਉਦੈ ਨਾਮਕ ਇਕ ਵੈਬੀਨਾਰ ਵਿਚ ਐਮਸਟਰਡਮ ਸਥਿਤ ਥਿੰਕ ਟੈਂਕ ਯੂਰਪੀ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਨੇ ਇਹ ਗੱਲ ਆਖੀ।
ਥਿੰਕ ਟੈਂਕ ਦੇ ਮੁਖੀ ਤੇ ਮਨੁੱਖੀ ਅਧਿਕਾਰ ਕਾਰਜਕਰਤਾ ਜੁਨੈਦ ਕੁਰੈਸ਼ੀ ਨੇ ਇਸਲਾਮੀ ਸਟੇਟ (ਆਈ. ਐੱਸ. ਕੇ. ਪੀ.) ਖੁਰਾਸਾਨ ਸੂਬੇ ਦੇ ਮੁੱਖ ਖੇਤਰਾਂ ਦੀ ਉਤਪਤੀ ਅਤੇ ਸੰਚਾਲਨ 'ਤੇ ਵਿਚਾਰ-ਵਟਾਂਦਰਾ ਕੀਤਾ ਤੇ ਦੱਸਿਆ ਕਿ ਇਸ ਦੇ ਲੜਾਕਿਆਂ ਦੀ ਗਿਣਤੀ ਵਿਚ ਜ਼ਿਆਦਾਤਰ ਪਾਕਿਸਤਾਨੀ ਮੂਲ ਦੇ ਹਨ। ਜਦਕਿ ਅਮਰੀਕੀ ਫ਼ੌਜ ਸੂਤਰਾਂ ਨੇ ਕਿਹਾ ਕਿ ਆਈ. ਐੱਸ. ਕੇ. ਪੀ. ਦੇ ਲੜਾਕਿਆਂ ਵਿਚ 70 ਫੀਸਦੀ ਪਾਕਿਸਾਤਨੀ ਮੌਜੂਦ ਹਨ।
ਵੈਬੀਨਾਰ ਦੌਰਾਨ ਸੁਤੰਤਰ ਰਾਜਨੀਤਕ ਅਤੇ ਫ਼ੌਜੀ ਸੋਧਕਰਤਾ ਟਿਮਾਥੀ ਫਾਕਸਲੀ ਨੇ ਵੀ ਕਿਹਾ ਕਿ ਆਈ. ਐੱਸ. ਕੇ. ਪੀ. ਦੇ ਲੜਾਕਿਆਂ ਵਿਚ ਕਈ ਦੇਸ਼ਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਲੜਾਕੇ ਹਨ।