ਕੰਧਾਰ ਬੰਬ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 63, IS ਨੇ ਲਈ ਹਮਲੇ ਦੀ ਜ਼ਿੰਮੇਵਾਰੀ
Saturday, Oct 16, 2021 - 04:48 PM (IST)
ਕੰਧਾਰ(ਵਾਰਤਾ) : ਅਫ਼ਗਾਨਿਸਤਾਨ ਵਿਚ ਕੰਧਾਰ ਸ਼ਹਿਰ ਦੀ ਸ਼ੀਆ ਮਸਜਿਦ ਵਿਚ ਹੋਏ ਬੰਬ ਧਮਾਕਿਆਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ। ਸਥਾਨਕ ਹਸਪਤਾਲ ਦੇ ਇਕ ਸੂਤਰ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਤਰ ਮੁਤਾਬਕ ਹਮਲੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਸੰਖਿਆ 83 ਹੈ। ਕੰਧਾਰ ਵਿਚ ਸ਼ੁੱਕਰਵਾਰ ਨੂੰ ਆਤਮਘਾਤੀ ਹਮਲਾਵਰਾਂ ਨੇ ਮਸਜਿਦ ਵਿਚ ਧਮਾਕੇ ਕੀਤੇ, ਜਦੋਂਕਿ ਚੌਥੇ ਹਮਲਾਵਰ ਨੇ ਨਮਾਜ ਅਦਾ ਕਰ ਰਹੇ ਲੋਕਾਂ ’ਤੇ ਗੋਲੀਬਾਰੀ ਕੀਤੀ।
ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਕਥਿਤ ਤੌਰ ’ਤੇ ਜ਼ਿੰਮੇਵਾਰੀ ਲਈ ਹੈ। ਆਈ.ਐਸ. ਨੇ ਸ਼ੁੱਕਰਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕਰਕੇ ਇਹ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਉਸ ਦੇ 2 ਮੈਂਬਰਾਂ ਨੇ ਕੰਧਾਰ ਸੂਬੇ ਵਿਚ ਫਾਤੀਮਿਆ ਮਸਜਿਦ ਦੇ ਪ੍ਰਵੇਸ਼ ਦੁਆਰ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਅਤੇ ਨਮਾਜ ਅਦਾ ਕਰ ਰਹੇ ਲੋਕਾਂ ’ਤੇ ਗੋਲੀਬਾਰੀ ਕੀਤੀ। ਇਸ ਦੇ ਬਾਅਦ ਆਈ.ਐਸ. ਦੇ ਇਕ ਅੱਤਵਾਦੀ ਨੇ ਮਸਜਿਦ ਵਿਚ ਦਾਖ਼ਲ ਹੋ ਕੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ, ਜਦੋਂ ਕਿ ਦੂਜੇ ਨੇ ਮਸਜਿਦ ਦੇ ਅੰਦਰ ਭਿਆਨਕ ਧਮਾਕਾ ਕੀਤਾ।