ਇਰਾਕ : ਅਮਰੀਕੀ ਦੂਤਘਰ ਨੇਡ਼ੇ ਹਮਲਾ, ਦਾਗੇ ਗਏ 5 ਰਾਕੇਟ
Sunday, Jan 26, 2020 - 11:31 PM (IST)

ਬਗਦਾਦ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਘਰ ਨੇਡ਼ੇ 5 ਰਾਕੇਟ ਦਾਗੇ ਗਏ ਹਨ। ਨਿਊਜ਼ ਏਜੰਸੀ ਏ. ਐਫ. ਪੀ. ਦੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ। ਈਰਾਨ ਨਾਲ ਤਣਾਅ ਤੋਂ ਬਾਅਦ ਕਈ ਵਾਰ ਬਗਦਾਦ ਸਥਿਤ ਅਮਰੀਕੀ ਦੂਤਘਰ ਨੇਡ਼ੇ ਹਮਲਾ ਹੋਇਆ ਹੈ।
ਇਸ ਤੋਂ ਪਹਿਲਾਂ ਪੈਂਟਾਗਨ ਨੇ 24 ਜਨਵਰੀ ਨੂੰ ਦੱਸਿਆ ਸੀ ਕਿ ਇਰਾਕ ਵਿਚ ਅਮਰੀਕੀ ਫੌਜ ਦੇ ਇਕ ਫੌਜੀ ਅੱਡੇ 'ਤੇ ਹਾਲ ਹੀ ਵਿਚ ਈਰਾਨ ਦੇ ਮਿਜ਼ਾਈਲ ਹਮਲੇ ਵਿਚ 34 ਅਮਰੀਕੀ ਫੌਜੀਆਂ ਨੂੰ ਦਿਮਾਗੀ ਸੱਟਾਂ ਲੱਗੀਆਂ ਸਨ। ਇਲਾਜ ਤੋਂ ਬਾਅਦ ਕਈ ਫੌਜੀ ਆਪਣੀ ਡਿਊਟੀ 'ਤੇ ਵਾਪਸ ਆਏ ਹਨ। ਪੈਂਟਾਗਨ ਦੇ ਮੁਖ ਬੁਲਾਰੇ ਜੋਨਾਥਨ ਹਾਫਮੈਨ ਮੁਤਾਬਕ, 34 ਵਿਚੋਂ 17 ਫੌਜੀ ਹੁਣ ਵੀ ਨਿਗਰਾਨੀ ਵਿਚ ਹਨ।
ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ ਵਿਚ ਆਖਿਆ ਸੀ ਕਿ ਉਨ੍ਹਾਂ ਦੱਸਿਆ ਗਿਆ ਹੈ ਕਿ 8 ਜਨਵਰੀ ਨੂੰ ਹੋਏ ਹਮਲੇ ਵਿਚ ਕੋਈ ਵੀ ਫੌਜੀ ਜ਼ਖਮੀ ਨਹੀਂ ਹੋਇਆ। ਫੌਜ ਨੇ ਆਖਿਆ ਕਿ ਹਮਲੇ ਤੋਂ ਤੁਰੰਤ ਬਾਅਦ ਮਾਮਲੇ ਸਾਹਮਣੇ ਨਹੀਂ ਆਏ ਸਨ ਅਤੇ ਕੁਝ ਮਾਮਲਿਆਂ ਵਿਚ ਕਈ ਦਿਨਾਂ ਬਾਅਦ ਇਸ ਦਾ ਪਤਾ ਲੱਗਾ।