''''ਬੰਬ ਤਿਆਰ, ਦੱਸੋ ਨੱਪ ਦੇਈਏ ਬਟਨ..?'''' ਈਰਾਨ ਦੀ ਅਮਰੀਕਾ ਨੂੰ ਸਿੱਧੀ ਧਮਕੀ
Thursday, Jan 29, 2026 - 04:49 PM (IST)
ਇੰਟਰਨੈਸ਼ਨਲ ਡੈਸਕ- ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀਆਂ ਦੇ ਕਤਲੇਆਮ ਮਗਰੋਂ ਅਮਰੀਕਾ ਨੇ ਈਰਾਨ ਪ੍ਰਸ਼ਾਸਨ ਨੂੰ ਇਹ ਕਾਰਵਾਈਆਂ ਤੁਰੰਤ ਰੋਕਣ ਦੇ ਹੁਕਮ ਦਿੱਤੇ ਹਨ ਤੇ ਕਿਹਾ ਕਿ ਜੇਕਰ ਇਹ ਕਾਰਵਾਈਆਂ ਜਾਰੀ ਰਹੀਆਂ ਤਾਂ ਈਰਾਨ ਅਮਰੀਕੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਵਿਰੁੱਧ ਫੌਜੀ ਕਾਰਵਾਈ ਦੀਆਂ ਧਮਕੀਆਂ ਨੂੰ ਦੁਹਰਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗੀ ਸਥਿਤੀ ਬਣ ਗਈ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਸਮਝੌਤਾ ਨਾ ਕੀਤਾ ਤਾਂ ਉਸ ਨੂੰ ਭਾਰੀ ਨਤੀਜੇ ਭੁਗਤਣੇ ਪੈਣਗੇ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਕੋਲ ਦੋ ਹੀ ਰਾਹ ਹਨ: ਜਾਂ ਤਾਂ ਉਹ ਇੱਕ ਨਿਰਪੱਖ ਸਮਝੌਤਾ ਕਰੇ ਜਾਂ ਫਿਰ ਅਮਰੀਕੀ ਫੌਜੀ ਬੇੜੇ (Armada) ਦੇ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਈਰਾਨ 'ਤੇ ਤੇਜ਼ੀ ਨਾਲ ਵੱਡਾ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਟਰੰਪ ਦੀ ਇਸ ਧਮਕੀ ਤੋਂ ਕੁਝ ਘੰਟਿਆਂ ਬਾਅਦ ਹੀ ਈਰਾਨ ਦੇ ਵਿਦੇਸ਼ ਮੰਤਰੀ ਨੇ ਪਲਟਵਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਈਰਾਨ ਦੀਆਂ ਹਥਿਆਰਬੰਦ ਫੌਜਾਂ ਕਿਸੇ ਵੀ ਅਮਰੀਕੀ ਹਮਲੇ ਦਾ ਤੁਰੰਤ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਅਲਰਟ 'ਤੇ ਹਨ ਤੇ ਕਿਹਾ ਕਿ ਸਾਡੀਆਂ ਉਂਗਲਾਂ ਟ੍ਰਿਗਰ 'ਤੇ ਹੀ ਹਨ ਤੇ ਅਸੀਂ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਜ਼ਿਕਰਯੋਗ ਹੈ ਕਿ ਇਹ ਤਣਾਅ ਅਜਿਹੇ ਸਮੇਂ ਵਧ ਰਿਹਾ ਹੈ ਜਦੋਂ ਪੱਛਮੀ ਏਸ਼ੀਆ ਪਹਿਲਾਂ ਹੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਲਦੀ ਹੀ ਇਜ਼ਰਾਈਲ ਦੇ ਦੌਰੇ 'ਤੇ ਜਾਣ ਵਾਲੇ ਹਨ, ਜਿੱਥੇ ਉਹ ਅੱਤਵਾਦ ਅਤੇ ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਚਰਚਾ ਕਰਨਗੇ।
ਵਿਸ਼ਵ ਭਾਈਚਾਰਾ ਇਸ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਵੀ ਸਿੱਧਾ ਟਕਰਾਅ ਵਿਸ਼ਵ ਊਰਜਾ ਸਪਲਾਈ ਅਤੇ ਆਰਥਿਕਤਾ 'ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਅਮਰੀਕਾ ਵੱਲੋਂ ਇਸ ਤੋਂ ਪਹਿਲਾਂ ਵੀ ਈਰਾਨ 'ਤੇ ਕਈ ਆਰਥਿਕ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ, ਪਰ ਹੁਣ ਸਿੱਧੀ ਫੌਜੀ ਕਾਰਵਾਈ ਦੀ ਧਮਕੀ ਨੇ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।
