ਅਮਰੀਕਾ ਨੂੰ ਰੂਹਾਨੀ ਦੀ ਧਮਕੀ, ਲਵਾਂਗੇ ਸੁਲੇਮਾਨੀ ਦੀ ਹੱਤਿਆ ਦਾ ਬਦਲਾ
Friday, Jan 03, 2020 - 01:20 PM (IST)

ਤੇਹਰਾਨ (ਭਾਸ਼ਾ): ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨ ਅਤੇ ਖੇਤਰ ਦੇ ਆਜ਼ਾਦ ਦੇਸ਼ ਰੈਵੋਲੂਸ਼ਨਰੀ ਗਾਰਡਸ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਅਮਰੀਕਾ ਤੋਂ ਬਦਲਾ ਲੈਣਗੇ। ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਸੁਲੇਮਾਨੀ ਦੇ ਇਲਾਵਾ ਇਰਾਕੀ ਮਿਲੀਸ਼ੀਆ ਕਮਾਂਡਰ ਅਬ ਮਹਿਦੀ ਅਲ-ਮੁਹਦਿਸ ਵੀ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰਿਆ ਗਿਆ। ਇਸ ਹਮਲੇ ਵਿਚ 6 ਹੋਰ ਲੋਕ ਵੀ ਮਾਰੇ ਗਏ ਹਨ। ਰੂਹਾਨੀ ਨੇ ਈਰਾਨ ਸਰਕਾਰ ਦੀ ਵੈਬਸਾਈਟ 'ਤੇ ਪੋਸਟ ਕੀਤੇ ਗਏ ਇਕ ਬਿਆਨ ਵਿਚ ਕਿਹਾ,''ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਹਾਨ ਰਾਸ਼ਟਰ ਈਰਾਨ ਅਤੇ ਖੇਤਰ ਦੇ ਹੋਰ ਆਜ਼ਾਦ ਦੇਸ਼ ਅਮਰੀਕਾ ਦੇ ਇਸ ਘਿਨਾਉਣੇ ਅਪਰਾਧ ਦਾ ਬਦਲਾ ਲੈਣਗੇ।''
ਈਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਦੇਸ਼ ਦੇ ਰੈਵੋਲੂਸ਼ਨਰੀ ਗਾਰਡ ਦੇ ਬਿਆਨ ਨੂੰ ਪ੍ਰਸਾਰਿਤ ਕੀਤਾ। ਰੈਵੋਲੂਸ਼ਨਰੀ ਗਾਰਡ ਨੇ ਸੁਲੇਮਾਨੀ ਨੂੰ ਸ਼ਹੀਦ ਕਰਾਰ ਦਿੱਤਾ ਅਤੇ ਉਸ ਦੀ ਮੌਤ 'ਤੇ 3 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਈਰਾਨ ਦੇ ਸਰਬ ਉੱਚ ਨੇਤਾ ਅਯੋਤੁੱਲਾਹ ਅਲੀ ਖਮਨੇਈ ਨੇ ਈਰਾਨੀ ਕੁਦਸ ਫੋਰਸ ਕਮਾਂਡਰ ਸੁਲੇਮਾਨੀ ਦੀ ਹੱਤਿਆ ਲਈ ਅਮਰੀਕਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਹਨਾਂ ਨੇ ਸੁਲੇਮਾਨੀ ਦੀ ਬਹਾਦੁਰੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਸਵਰਗ ਚਲੇ ਗਏ ਹਨ। ਖਮਨੇਈ ਨੇ ਕਿਹਾ ਕਿ ਦੋਸ਼ੀਆਂ ਤੋਂ ਭਿਆਨਕ ਬਦਲਾ ਲਿਆ ਜਾਵੇਗਾ।