ਈਰਾਨ ਨੇ ਯੂਰਪੀਨ ਯੂਨੀਅਨ ਦੀਆਂ ਸਾਰੀਆਂ ਫੋਰਸਾਂ ਨੂੰ ਅੱਤਵਾਦੀ ਸੰਗਠਨ ਦੱਸਿਆ
Monday, Feb 02, 2026 - 09:20 AM (IST)
ਦੁਬਈ (ਭਾਸ਼ਾ)- ਈਰਾਨ ਨੇ ਇਕ ਸਖਤ ਬਿਆਨ ਜਾਰੀ ਕਰਦਿਆਂ ਯੂਰਪੀਨ ਯੂਨੀਅਨ ਦੀਆਂ ਸਾਰੀਆਂ ਫੋਰਸਾਂ ਨੂੰ ਅੱਤਵਾਦੀ ਸੰਗਠਨ ਮੰਨਣ ਦਾ ਐਲਾਨ ਕੀਤਾ ਹੈ। ਇਹ ਐਲਾਨ ਈਰਾਨ ਦੀ ਸੰਸਦ ਦੇ ਪ੍ਰਧਾਨ ਮੁਹੰਮਦ ਬਾਕਿਰ ਕਾਲੀਬਾਫ ਨੇ ਕੀਤਾ, ਜੋ ਯੂਰਪੀਨ ਯੂਨੀਅਨ ਵੱਲੋਂ ਈਰਾਨ ਦੇ ਅਰਧ ਸੈਨਿਕ ਬਲ ਰੈਵੋਲਿਊਸ਼ਨਰੀ ਗਾਰਡ ਨੂੰ ਅੱਤਵਾਦੀ ਸੰਗਠਨ ਐਲਾਨ ਕੀਤੇ ਜਾਣ ਤੋਂ ਬਾਅਦ ਆਈ ਹੈ।
ਇਹ ਬਿਆਨ ਈਰਾਨ ਵੱਲੋਂ ਪ੍ਰਤੀਕਾਤਮਕ ਕਦਮ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਜਿਵੇਂ ਕਿ ਉਸ ਨੇ 2019 ’ਚ ਪਾਸ ਕੀਤੇ ਇਕ ਕਾਨੂੰਨ ਹੇਠ ਪਹਿਲਾਂ ਵੀ ਅਮਰੀਕਾ ਦੇ ਰੈਵੋਲਿਊਸ਼ਨਰੀ ਗਾਰਡ ਨੂੰ ਅੱਤਵਾਦੀ ਸੰਗਠਨ ਐਲਾਨ ਕੀਤੇ ਜਾਣ ’ਤੇ ਹੋਰ ਦੇਸ਼ਾਂ ਦੀਆਂ ਫੋਰਸਾਂ ਨੂੰ ਅੱਤਵਾਦੀ ਐਲਾਨ ਕੀਤਾ ਸੀ।
ਕਾਲੀਬਾਫ ਦਾ ਇਹ ਐਲਾਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਪੱਛਮੀ ਏਸ਼ੀਆ ’ਚ ਤਣਾਅ ਵੱਧ ਚੁੱਕਾ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਖ਼ਿਲਾਫ ਸੰਭਾਵੀ ਫੌਜੀ ਕਾਰਵਾਈ ’ਤੇ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਈਰਾਨ ਨੇ ਹੋਰਮੂਜ਼ ਜਲਡਮਰੂਮੱਧ ’ਚ ਫੌਜੀ ਅਭਿਆਸ ਕਰਨ ਦੀ ਯੋਜਨਾ ਵੀ ਬਣਾਈ ਹੈ, ਜੋ ਗਲੋਬਲ ਤੇਲ ਵਪਾਰ ਲਈ ਬਹੁਤ ਮਹੱਤਵਪੂਰਨ ਹੈ।
ਰੈਵੋਲਿਊਸ਼ਨਰੀ ਗਾਰਡ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਭੰਡਾਰ ਨੂੰ ਕੰਟਰੋਲ ਕਰਦਾ ਹੈ ਅਤੇ ਦੇਸ਼ ਦੀ ਆਰਥਿਕਤਾ ’ਚ ਉਸ ਦੀ ਮਹੱਤਵਪੂਰਨ ਹਿੱਸੇਦਾਰੀ ਹੈ। ਇਹ ਬਲ ਸਿੱਧੇ ਤਰ੍ਹਾਂ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਪ੍ਰਤੀ ਜਵਾਬਦੇਹ ਹੈ। ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੇ ‘ਅਮਰੀਕਾ ਮੁਰਦਾਬਾਦ’ ਅਤੇ ‘ਇਜ਼ਰਾਈਲ ਮੁਰਦਾਬਾਦ’ ਦੇ ਨਾਅਰੇ ਵੀ ਲਾਏ।
