ਈਰਾਨ 'ਚ 103 ਸਾਲਾ ਮਹਿਲਾ ਕੋਰੋਨਾਵਾਇਰਸ ਨੂੰ ਹਰਾ ਕੇ ਪਹੁੰਚੀ ਘਰ
Thursday, Mar 19, 2020 - 12:30 PM (IST)
ਤੇਹਰਾਨ (ਬਿਊਰੋ): ਕੋਰੋਨਾ ਦੇ ਖੌਫ ਨਾਲ ਪੂਰੀ ਦੁਨੀਆ ਦੇ ਲੋਕ ਦਹਿਸ਼ਤ ਵਿਚ ਹਨ। ਭਾਰਤ, ਪਾਕਿਸਤਾਨ, ਅਮਰੀਕਾ ਸਮੇਤ ਕਰੀਬ 164 ਦੇਸ਼ਾਂ ਵਿਚ ਕੋਰੋਨਾਵਾਇਰਸ ਕਹਿਰ ਵਰ੍ਹਾ ਰਿਹਾ ਹੈ। 2 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਬੀਮਾਰ ਹਨ। ਕਰੀਬ 9 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਇਸ ਵਿਚ ਬਜ਼ੁਰਗਾਂ ਲਈ ਖਤਰਨਾਕ ਮੰਨੇ ਜਾ ਰਹੇ ਇਸ ਵਾਇਰਸ ਨੂੰ 103 ਸਾਲਾ ਇਕ ਬਜ਼ੁਰਗ ਮਹਿਲਾ ਨੇ ਹਰਾਉਂਦੇ ਹੋਏ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਪਰਤ ਗਈ ਹੈ।
ਅਸਲ ਵਿਚ ਈਰਾਨ ਦੀ ਰਾਜਧਾਨੀ ਤੇਹਰਾਨ ਤੋਂ 180 ਕਿਲੋਮੀਟਰ ਦੂਰ ਸੇਮਨਾਨ ਹਸਪਤਾਲ ਵਿਚ ਭਰਤੀ ਰਹੀ ਇਸ ਬਜ਼ੁਰਗ ਮਹਿਲਾ ਨੇ ਕੋਰੋਨਾਵਾਇਰਸ ਨੂੰ ਹਰਾਇਆ ਹੈ। ਜ਼ਰੂਰੀ ਕਾਰਨਾਂ ਕਰ ਕੇ ਅਧਿਕਾਰੀਆਂ ਨੇ ਮਹਿਲਾ ਦਾ ਨਾਮ ਜ਼ਾਹਰ ਨਹੀਂ ਕੀਤਾ ਹੈ ਪਰ ਮਹਿਲਾ ਦਾ ਚਰਚਾ ਹਰ ਪਾਸੇ ਹੋ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੇਮਨਾਨ ਸੂਬੇ ਦੇ ਸਿਹਤ ਅਧਿਕਾਰੀ ਨਾਵਿਦ ਦਾਨਾਈ ਨੇ ਮੀਡੀਆ ਨੂੰ ਦੱਸਿਆ,''103 ਸਾਲ ਦੀ ਇਕ ਮਹਿਲਾ, ਜੋ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਹੈ ਉਸ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ ਅਤੇ ਹੁਣ ਉਹ ਹਸਪਤਾਲ ਤੋਂ ਘਰ ਵਾਪਸ ਪਰਤ ਗਈ ਹੈ।''
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਕਾਰਨ ਅਮਰੀਕਾ ਨੇ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
ਇਸ ਬਜ਼ੁਰਗ ਮਹਿਲਾ ਦਾ ਇੰਨੀ ਜਲਦੀ ਠੀਕ ਹੋਣਾ ਇਕ ਤਰ੍ਹਾਂ ਨਾਲ ਚਮਤਕਾਰ ਹੈ ਕਿਉਂਕਿ ਕੋਰੋਨਾਵਾਇਰਸ ਖਰਾਬ ਇਮਿਊਨ ਸਿਸਟਮ ਵਾਲੇ ਅਤੇ ਬਜ਼ੁਰਗ ਲੋਕਾਂ ਲਈ ਜ਼ਿਆਦਾ ਖਤਰਨਾਕ ਹੈ। ਇਹਨਾਂ ਨੂੰ ਇਹ ਵਾਇਰਸ ਜਲਦੀ ਚਪੇਟ ਵਿਚ ਲੈਂਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿਚ ਬਜ਼ੁਰਗ ਲੋਕ ਇਸ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਕ ਤੱਥ ਇਹ ਵੀ ਹੈ ਕਿ ਈਰਾਨ ਵਿਚ ਇਸ ਖਤਰਨਾਕ ਬੀਮਾਰੀ ਤੋਂ ਠੀਕ ਹੋ ਕੇ ਪਰਤੀ ਇਹ ਬਜ਼ੁਰਗ ਇਕੱਲੀ ਨਹੀਂ ਹੈ ਇਸ ਤੋਂ ਪਹਿਲਾਂ 91 ਸਾਲਾ ਇਕ ਹੋਰ ਬਜ਼ੁਰਗ ਨੂੰ ਵੀ ਦੱਖਣ-ਪੂਰਬੀ ਈਰਾਨ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਰਿਪੋਰਟਾਂ ਮੁਤਾਬਕ ਇਹਨਾਂ ਬਜ਼ੁਰਗਾਂ ਨੂੰ ਹਾਈ ਬੀ.ਪੀ. ਅਤੇ ਅਸਥਮਾ ਵੀ ਸੀ ਜੋ ਅਜਿਹੇ ਮਾਮਲਿਆਂ ਵਿਚ ਜਾਨਲੇਵਾ ਮੰਨਿਆ ਜਾਂਦਾ ਰਿਹਾ ਹੈ। ਫਿਲਹਾਲ ਈਰਾਨੀ ਡਾਕਟਰ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਦੋਹਾਂ ਸੀਨੀਅਰ ਨਾਗਰਿਕਾਂ ਨੂੰ ਹਸਪਤਾਲ ਵਿਚ ਕਿਹੜੀ ਦਵਾਈ ਦਿੱਤੀ ਗਈ ਹੈ। ਪਿਛਲੇ ਦਿਨੀਂ ਈਰਾਨ ਦੇ ਸਿਹਤ ਮੰਤਰਾਲੇ ਦੇ ਇਕ ਬਿਆਨ ਵਿਚ ਦੱਸਿਆ ਗਿਆ ਸੀ ਕਿ ਦੇਸ਼ ਵਿਚ 16,169 ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਜਿਹਨਾਂ ਵਿਚੋਂ 5,389 ਲੋਕ ਇਲਾਜ ਦੇ ਬਾਅਦ ਹਸਪਤਾਲ ਤੋਂ ਵਾਪਸ ਜਾ ਚੁੱਕੇ ਹਨ। ਭਾਵੇਂਕਿ ਈਰਾਨ ਵਿਚ ਤਾਜ਼ਾ ਅੰਕੜਾ 17 ਹਜ਼ਾਰ ਦੇ ਪਾਰ ਹੋ ਚੁੱਕਾ ਹੈ, ਜਿਸ ਵਿਚ 1,100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਕੋਰੋਨਾਵਾਇਰਸ ਨਾਲ ਜੁੜੀ 'ਅਧਿਕਾਰਤ' ਸਮੱਗਰੀ ਕਰੋਗਾ ਪੋਸਟ
ਇਹ ਮਹਿਲਾ ਕੋਰੋਨਾਵਾਇਰਸ ਨੂੰ ਹਰਾਉਣ ਵਾਲੀ ਹੁਣ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਹੈ। ਭਾਵੇਂਕਿ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ 103 ਸਾਲ ਦੀ ਇਕ ਮਹਿਲਾ ਚੀਨ ਦੇ ਵੁਹਾਨ ਸ਼ਹਿਰ ਤੋਂ ਵੀ ਕੋਰੋਨਾ ਨੂੰ ਹਰਾ ਕੇ ਹਸਪਤਾਲ ਤੋਂ ਘਰ ਪਰਤੀ ਹੈ। ਇਸ ਦੇ ਇਲਾਵਾ ਵੁਹਾਨ ਤੋਂ ਹੀ 101 ਸਾਲ ਦਾ ਇਕ ਵਿਅਕਤੀ ਵੀ ਇਸ ਜਾਨਲੇਵਾ ਵਾਇਰਸ ਦੀ ਚਪੇਟ ਤੋਂ ਬਚ ਨਿਕਲਿਆ ਸੀ। ਇੱਥੇ ਦੱਸ ਦਈਏ ਕਿ ਭਾਰਤ ਵਿਚ ਵੀ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਭਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਇਨਫੈਕਟਿਡ ਲੋਕਾਂ ਦੀ ਗਿਣਤੀ 172 ਹੋ ਗਈ ਹੈ। ਇਸ ਵਿਚ 3 ਲੋਕਾਂ ਦੀ ਮੌਤ ਅਤੇ 16 ਠੀਕ ਹੋ ਕੇ ਘਰ ਜਾ ਚੁੱਕੇ ਹਨ ਮਤਲਬ ਹਾਲੇ 153 ਐਕਟਿਵ ਮਾਮਲੇ ਹਨ।