ਇਪਸਾ ਵੱਲੋਂ ਆਸਟ੍ਰੇਲੀਆ ''ਚ ਵਿਜੇ ਯਮਲਾ ਦਾ ਸਨਮਾਨ

Monday, Sep 16, 2024 - 10:53 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ‘ਸੰਦਲੀ ਪੈੜਾਂ’ ਦੇ ਸੱਦੇ 'ਤੇ ਆਸਟ੍ਰੇਲੀਆ ਆਏ ਉਸਤਾਦ ਯਮਲਾ ਜੱਟ ਜੀ ਦੇ ਪੋਤਰੇ, ਲੋਕ ਕਲਾਕਾਰ ਅਤੇ ਬਹੁਪੱਖੀ ਸ਼ਜਿੰਦੇ ਵਿਜੇ ਯਮਲਾ ਦਾ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਨ੍ਹਾਂ ਨੇ ਯਮਲਾ ਜੱਟ ਜੀ ਦੇ ਪਹਿਲੇ ਅਖਾੜੇ ਦੀ ਯਾਦ ਨਾਲ ਸਾਂਝ ਪਵਾਉਂਦਿਆਂ ਕਿਹਾ ਕਿ ਯਮਲਾ ਜੱਟ ਦੀ ਪੰਜਾਬੀ ਸੰਗੀਤ ਨੂੰ ਹੀ ਨਹੀਂ, ਸਮੁੱਚੇ ਪੰਜਾਬੀਅਤ ਦੇ ਪ੍ਰਵਾਹ ਨੂੰ ਹੀ ਬਹੁਤ ਵੱਡੀ ਦੇਣ ਹੈ। ਦਲਵੀਰ ਹਲਵਾਰਵੀ ਜੀ ਨੇ ਵਿਜੇ ਯਮਲਾ ਦਾ ਸਵਾਗਤ ਕਰਦਿਆਂ ਇੰਗਲੈਂਡ ਵਿਚ ਮਨਾਏ ਜਾਂਦੇ ਰਹੇ ਯਮਲਾ ਜੱਟ ਜੀ ਦੇ ਮੇਲਿਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ। 

ਨਿਰਮਲ ਦਿਓਲ ਜੀ ਨੇ ਯਮਲਾ ਜੱਟ ਬਾਰੇ ਕਿਹਾ ਕਿ ਉਹ ਪੰਜਾਬੀ ਗਾਇਕੀ ਦੇ ਪਿਤਾਮਾ ਹਨ, ਉਨ੍ਹਾਂ ਦੇ ਗੀਤ ਪੂਰੇ ਪੰਜਾਬੀ ਸੰਗੀਤ ਦੇ ਆਈਕੋਨ ਹਨ। ਪਾਲ ਰਾਊਕੇ ਅਤੇ ਰਾਜਦੀਪ ਲਾਲੀ ਨੇ ਜਿੱਥੇ ਵਿਜੇ ਯਮਲਾ ਦੇ ਕਾਰਜਾਂ ਦੀ ਤਰੀਫ਼ ਕੀਤੀ, ਉੱਥੇ ਯਮਲਾ ਜੱਟ ਜੀ ਦੇ ਗੀਤਾਂ ਵਿੱਚੋਂ ਕੁੱਝ ਬੋਲਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਪਸਾ ਦੇ ਬੁਲਾਰੇ ਅਤੇ ਮੰਚ ਸੰਚਾਲਕ ਗੁਰਦੀਪ ਜਗੇੜਾ ਨੇ ਵਿਜੇ ਯਮਲਾ ਦੀ ਸੰਗੀਤਕ ਸਰਗਰਮੀ ਨੂੰ ਅਰਥ ਭਰਪੂਰ ਕਿਹਾ ਅਤੇ ਇੱਕ ਕਵਿਤਾ ਨਾਲ ਆਪਣੀ ਹਾਜ਼ਰੀ ਲਵਾਈ। ਰੁਪਿੰਦਰ ਸੋਜ਼ ਨੇ ਯਮਲਾ ਜੱਟ ਜੀ ਮਾਣਯੋਗ ਸੰਗੀਤਕ ਵਿਰਾਸਤ ਨੂੰ ਪੰਜਾਬੀਅਤ ਦੀ ਅਸਲ ਬੁਨਿਆਦ ਕਿਹਾ ਤੇ ਮੌਜੂਦਾ ਦੌਰ ਦੀ ਹਿੰਸਕ ਅਤੇ ਗਾਹਲ-ਮੰਦੇ ਵਾਲੀ ਗਾਇਕੀ ਨੂੰ ਵਰਤਮਾਨ ਦੀ ਤ੍ਰਾਸਦੀ ਕਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਭੂਚਾਲ ਦੇ 2 ਵੱਡੇ ਝਟਕਿਆਂ ਨਾਲ ਕੰਬੀ ਧਰਤੀ, ਸੁਨਾਮੀ 'ਤੇ ਅਪਡੇਟ ਜਾਰੀ

ਸੰਦਲੀ ਪੈੜਾਂ ਸੰਸਥਾ ਵੱਲੋਂ ਪ੍ਰਸਿੱਧ ਭੰਗੜਾ ਕੋਚ ਅਜੀਤਪਾਲ ਚੀਮਾ ਨੇ ਇਪਸਾ ਦਾ ਧੰਨਵਾਦ ਕਰਦਿਆਂ ਵਿਜੇ ਯਮਲਾ ਜੀ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ। ਅੰਤ ਵਿਚ ਵਿਜੇ ਯਮਲਾ ਨੇ ਬਹੁਤ ਹੀ ਪਿਆਰੇ ਸ਼ਬਦਾਂ ਨਾਲ ਸੰਦਲੀ ਪੈੜਾਂ ਦੀ ਪਹਿਲਕਦਮੀ ਅਤੇ ਇਪਸਾ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਬ੍ਰਿਸਬੇਨ ਦੇ ਸਮੂਹ ਪੰਜਾਬੀਆਂ ਦੀ ਸਾਹਿਤ, ਸੰਗੀਤ ਅਤੇ ਸੱਭਿਆਚਾਰ ਪ੍ਰਤੀ ਮੁਹੱਬਤ ਦੀ ਸਿਫ਼ਤ ਕੀਤੀ। ਉਨ੍ਹਾਂ ਨੇ ਮੌਜੂਦਾ ਦੌਰ ਵਿਚ ਪੰਜਾਬੀ ਗਾਇਕੀ ਵਿਚ ਆਏ ਨਿਘਾਰ, ਹਿੰਸਕ ਬਿਰਤੀ ਅਤੇ ਅਸ਼ਲੀਲਤਾ ਬਾਰੇ ਬੋਲਦਿਆਂ ਕਿਹਾ ਇਸ ਦਾ ਨਤੀਜਾ ਹੀ ਸਾਡਾ ਸਮਾਜ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਆਦਰਯੋਗ ਯਮਲਾ ਜੀ ਨੇ ਤੂੰਬੀਆਂ ਬੀਜੀਆਂ ਸਨ, ਇਸ ਕਰਕੇ ਤੁੰਬੀਆਂ ਹੀ ਉੱਗੀਆਂ ਸਨ। ਜਿਨ੍ਹਾਂ ਨੇ ਰਫ਼ਲਾਂ ਬੀਜੀਆਂ ਸਨ, ਉਨ੍ਹਾਂ ਨੂੰ ਰਫ਼ਲਾਂ ਦੀ ਫ਼ਸਲ ਦੀ ਹੀ ਆਸ ਰੱਖਣੀ ਚਾਹੀਦੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਾਇਕ ਮਨਪ੍ਰੀਤ ਸਰਾਂ, ਇਪਸਾ ਦੇ ਸਾਬਕਾ ਚੇਅਰਮੈਨ ਜਰਨੈਲ ਬਾਸੀ, ਗੁਰਵਿੰਦਰ ਖੱਟੜਾ, ਭਗਵਾਨ ਸਿੰਘ ਜਗੇੜਾ, ਗੁਰਜੀਤ ਉੱਪਲ਼, ਸਿਮਰਨ ਚੀਮਾ, ਅਰਸ਼ਦੀਪ ਦਿਓਲ ਸਮੇਤ ਕਈ ਨਾਮਵਰ ਚਿਹਰੇ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News