ਸਾਇਬਰ ਹਮਲੇ ਕਾਰਨ ਸਿਏਟਰ ਹਵਾਈ ਅੱਡੇ ’ਤੇ ਇੰਟਨੈੱਟ ਸੇਵਾਵਾਂ ਬੰਦ
Tuesday, Aug 27, 2024 - 01:05 PM (IST)

ਸਿਏਟਲ (ਏਪੀ)- ਸਾਇਬਰ ਹਮਲੇ ਦੇ ਕਾਰਨ ਅਮਰੀਕਾ ਦੇ ਸਿਏਟਲ-ਟੈਕੋਮਾ ਕੌਮਾਂਤਰੀ ਹਵਾਈ ਅੱਡੇ 'ਤੇ ਇੰਟਰਨੈੱਟ, ਫ਼ੋਨ, ਈਮੇਲ ਅਤੇ ਹੋਰ ਸੰਚਾਰ ਸੇਵਾਵਾਂ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਰੁਕੀ ਰਹੀਆਂ। ਹਵਾਈ ਅੱਡੇ ਦੇ ਅਧਿਕਾਰੀ ਹਮਲੇ ਦੀ ਜਾਂਚ ਅਤੇ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ। ਹਵਾਈ ਅੱਡੇ ਦੇ ਉਡਾਣ ਪ੍ਰਬੰਧਕ ਲਾਂਸ ਲਿਟਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਅਸੀਂ ਜ਼ਰੂਰੀ ਸੇਵਾਵਾਂ ਨੂੰ ਮੁੜ ਚਾਲੂ ਕਰਨ ਅਤੇ ਯਾਤਰੀਆਂ 'ਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਰਾਤ-ਦਿਨ ਕੰਮ ਕਰ ਰਹੇ ਹਾਂ। ਲਿਟਲ ਨੇ ਕਿਹਾ ਕਿ ਹਵਾਈ ਅੱਡੇ ਦੇ ਅਧਿਕਾਰੀ ਟ੍ਰਾਂਸਪੋਰਟ ਸਿਕਿਊਰਿਟੀ ਐਡਮਿਨਿਸਟ੍ਰੇਸ਼ਨ (ਟੀ.ਐੱਸ.ਏ.) ਅਤੇ ਕਸਟਮਜ਼ ਅਤੇ ਸੁਰੱਖਿਆ ਵਿਭਾਗ ਸਮੇਤ ਹੋਰ ਸੰਘੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਸੇਵਾਵਾਂ ਕਿਸ ਹੱਦ ਤੱਕ ਪ੍ਰਭਾਵਿਤ ਹੋਈਆਂ ਹਨ ਪਰ ਲਿਟਲ ਨੇ ਸਪੱਸ਼ਟ ਕੀਤਾ ਕਿ ਇਸ ਦਾ ਯਾਤਰੀਆਂ ਦੀ ਜਾਂਚ ਕਰਨ ਦੀ ਟੀ.ਐੱਸ.ਏ. ਦੀ ਸਮਰੱਥਾ 'ਤੇ ਕੋਈ ਅਸਰ ਨਹੀਂ ਪਿਆ ਹੈ। ਡੇਲਟਾ ਅਤੇ ਅਲਾਸਕਾ ਏਅਰਲਾਈਨਜ਼ ਸਮੇਤ ਕੁਝ ਹਵਾਬਾਜ਼ੀ ਕੰਪਨੀਆਂ ਨੇ ਸਾਈਬਰ ਹਮਲੇ ਤੋਂ ਸੇਵਾਵਾਂ ਪ੍ਰਭਾਵਿਤ ਹੋਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ, ਹਮਲੇ ਨਾਲ ਸੀਏਟਲ ਹਵਾਈ ਅੱਡੇ ਦੇ 'ਬੈਗੇਜ ਸਾਰਟਿੰਗ ਸਿਸਟਮ' ਦੇ ਪ੍ਰਭਾਵਿਤ ਹੋਣ ਦੀ ਖ਼ਬਰ ਹੈ, ਜਿਸ ਕਾਰਨ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਯਾਤਰੀਆਂ ਨੂੰ ਸਮਾਨ ਦੀ ਜਾਂਚ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ, ਤਾਂ ਜੋ ਬਿਨਾਂ ਜ਼ਰੂਰੀ ਦੇਰੀ ਤੋਂ ਬਚਿਆ ਜਾ ਸਕੇ।
ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ ਵੱਲ ਜਾਂਣ ਲਈ ਵਧੀਕ ਸਮਾਂ ਲੈ ਕੇ ਨਿਕਲਣ। ਉਨ੍ਹਾਂ ਨੇ ਯਾਤਰੀਆਂ ਨੂੰ ਕਿਹਾ ਕਿ ਉਹ ‘ਬੋਰਡਿੰਗ ਪਾਸ’ ਅਤੇ ‘ਬੈਗ ਟੈਗ’ ਪ੍ਰਾਪਤ ਕਰਨ ਲਈ ਹਵਾਬਾਜ਼ੀ ਕੰਪਨੀਆਂ ਦੇ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਕਰਨ। ਅਧਿਕਾਰੀਆਂ ਨੇ ਐਤਵਾਰ ਨੂੰ ਫੇਸਬੁੱਕ 'ਤੇ ਲਿਖਿਆ ਕਿ ਹਵਾਈ ਅੱਡੇ ਦੀਆਂ ਟੀਮਾਂ ਸਾਰੇ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀਆਂ ਹਨ ਪਰ ਇਸ ’ਚ ਕਿੰਨਾ ਸਮਾਂ ਲੱਗੇਗਾ, ਇਹ ਅਜੇ ਨਹੀਂ ਦੱਸਿਆ ਜਾ ਸਕਦਾ।