ਭੂਚਾਲ ਦੇ ਝਟਕਿਆਂ ਨਾਲ ਫਿਰ ਦਹਿਲਿਆ ਇੰਡੋਨੇਸ਼ੀਆ, ਪੰਜ ਲੋਕਾਂ ਦੀ ਮੌਤ

08/20/2018 10:52:05 AM

ਮਾਤਾਰਾਮ(ਭਾਸ਼ਾ)— ਇੰਡੋਨੇਸ਼ੀਆ ਦੇ ਲੋਮਬੋਕ 'ਚ ਕਈ ਸ਼ਕਤੀਸ਼ਾਲੀ ਅਤੇ ਮੱਧ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੇ ਵਿਗਿਆਨੀਆਂ ਨੇ ਕੱਲ ਲਗਾਤਾਰ ਭੂਚਾਲ ਦੇ ਕਈ ਝਟਕੇ ਦਰਜ ਕੀਤੇ।  ਪਹਿਲਾ ਝਟਕਾ 6.3 ਤੀਬਰਤਾ ਦਾ ਸੀ, ਜਿਸ ਦੇ ਬਾਅਦ ਜ਼ਮੀਨ ਖਿਸਕੀ ਅਤੇ ਲੋਕ ਸੁਰੱਖਿਅਤ ਸਥਾਨਾਂ ਵੱਲ ਦੌੜ ਪਏ। ਅਮਰੀਕੀ ਮੌਸਮ ਵਿਭਾਗ ਦੇ ਸਰਵੇ ਮੁਤਾਬਕ ਭੂਚਾਲ ਦੇ ਪਹਿਲੇ ਝਟਕੇ ਦੇ 12 ਘੰਟਿਆਂ ਬਾਅਦ ਫਿਰ ਧਰਤੀ ਕੰਬੀ, ਜਿਸ ਦੀ ਤੀਬਰਤਾ 6.9 ਮਾਪੀ ਗਈ ਅਤੇ ਇਸ ਦੇ ਬਾਅਦ ਤਕਰੀਬਨ ਪੰਜ ਹੋਰ ਤੇਜ਼ ਝਟਕੇ ਮਹਿਸੂਸ ਕੀਤੇ ਗਏ। 

ਸਥਾਨਕ ਐਮਰਜੈਂਸੀ ਦੇ ਬੁਲਾਰੇ ਅਗੁੰਗ ਪ੍ਰਾਮੁਜਾ ਨੇ ਦੱਸਿਆ ਕਿ ਕੱਲ ਸ਼ਾਮ ਆਏ ਭੂਚਾਲ 'ਚ 5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਦੋ ਪੂਰਬੀ ਲੋਮਬੋਕ ਅਤੇ 3 ਸੁੰਬਾਵਾ ਟਾਪੂ 'ਚ ਮਾਰੇ ਗਏ। ਪ੍ਰਾਮੁਜਾ ਨੇ ਕਿਹਾ ਕਿ ਹੁਣ ਤਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਹੋਰ ਲੋਕ ਜ਼ਖਮੀ ਹਨ। ਅਸੀਂ ਹੁਣ ਵੀ ਸਹੀ ਅੰਕੜਿਆਂ ਦਾ ਇੰਤਜ਼ਾਰ ਕਰ ਰਹੇ ਹਾਂ। ਤਬਾਹੀ ਦੇ ਡਰ ਕਾਰਨ ਅਧਿਕਾਰੀਆਂ ਨੇ ਕੱਲ ਕਈ ਮਰੀਜ਼ਾਂ ਨੂੰ ਸੁੰਬਾਵਾ ਦੇ ਇਕ ਹਸਪਤਾਲ ਤੋਂ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਹੈ। ਰਾਸ਼ਟਰੀ ਐਮਰਜੈਂਸੀ ਏਜੰਸੀ ਦੇ ਬੁਲਾਰੇ ਸੁਤੋਪੋ ਪੂਰਵੋ ਨੁਗਰੋਹੋ ਮੁਤਾਬਕ ਲੋਮਬੋਕ 'ਚ ਵਧੇਰੇ ਸਥਾਨਾਂ 'ਤੇ ਬਿਜਲੀ ਸਪਲਾਈ ਬੰਦ ਹੋ ਗਈ। 
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਵੀ ਲੋਮਬੋਕ 'ਚ ਭੂਚਾਲ ਆਇਆ ਸੀ, ਜਿਸ 'ਚ ਲੱਖਾਂ ਘਰ, ਮਸਜਿਦਾਂ ਅਤੇ ਵਪਾਰਕ ਸੰਸਥਾਨਾਂ ਨੂੰ ਨੁਕਸਾਨ ਪੁੱਜਾ ਸੀ। ਇੱਥੇ ਘੱਟ ਤੋਂ ਘੱਟ 481 ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ ਹਜ਼ਾਰਾਂ ਲੋਕ ਜ਼ਖਮੀ ਹੋਏ ਸਨ।


Related News