ਇਸ ਦੇਸ਼ ''ਚ ਹਵਾ ਪਹੁੰਚੀ ਜ਼ਹਿਰੀਲੇ ਪੱਧਰ ''ਤੇ, ਸਰਕਾਰ ਵਿਰੁੱਧ ਲੋਕ ਕਰਨਗੇ ਮੁਕੱਦਮਾ

Wednesday, Jul 03, 2019 - 01:35 PM (IST)

ਇਸ ਦੇਸ਼ ''ਚ ਹਵਾ ਪਹੁੰਚੀ ਜ਼ਹਿਰੀਲੇ ਪੱਧਰ ''ਤੇ, ਸਰਕਾਰ ਵਿਰੁੱਧ ਲੋਕ ਕਰਨਗੇ ਮੁਕੱਦਮਾ

ਜਕਾਰਤਾ (ਬਿਊਰੋ)— ਜਲਵਾਯੂ ਪ੍ਰਦੂਸ਼ਣ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ। ਇਸੇ ਸਿਲਸਿਲੇ ਵਿਚ ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਇਸ ਦੇ ਨੇੜਲੇ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਗੰਭੀਰ ਰੂਪ ਧਾਰ ਚੁੱਕਾ ਹੈ। ਇੱਥੇ ਜ਼ਹਿਰੀਲੀ ਹਵਾ ਦਾ ਪੱਧਰ ਕਾਫੀ ਵੱਧ ਚੁੱਕਾ ਹੈ। ਲਿਹਾਜਾ ਇੱਥੋਂ ਦੇ ਨਾਗਰਿਕ ਨੇ ਇੰਡੋਨੇਸ਼ੀਆਈ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਯੋਜਨਾ ਬਣਾਈ ਹੈ। ਆਉਣ ਵਾਲੇ ਦਿਨਾਂ ਵਿਚ ਸਰਕਾਰ, ਸੂਬਾਈ ਅਧਿਕਾਰੀਆਂ ਵਿਰੁੱਧ ਦੀਵਾਨੀ ਮੁਕੱਦਮੇ ਦਾਇਰ ਕੀਤੇ ਜਾ ਸਕਦੇ ਹਨ।

ਕਈ ਗੈਰ ਸਰਕਾਰੀ ਸੰਗਠਨਾਂ ਨੇ ਸਰਕਾਰ ਦੇ ਨਾਲ-ਨਾਲ ਜਕਾਰਤਾ, ਬੋਗੋਰ, ਡੇਪੋਕ, ਟਾਂਗਰੰਗ ਅਤੇ ਬੇਕਾਸੀ ਸ਼ਹਿਰਾਂ ਦੇ ਪ੍ਰਬੰਧਨ ਕਰਨ ਵਾਲੇ ਸੂਬਾਈ ਅਧਿਕਾਰੀਆਂ 'ਤੇ ਵਾਤਾਵਰਣ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਨੋਟੀਫਿਕੇਸ਼ਨ ਦੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਜਕਾਰਤਾ ਮਹਾਨਗਰੀ ਖੇਤਰ ਦੇ 58 ਵਸਨੀਕਾਂ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ, ਸਿਹਤ ਮੰਤਰੀ, ਗ੍ਰਹਿ ਮੰਤਰੀ ਅਤੇ ਵਾਤਾਵਰਣ ਮੰਤਰੀਆਂ ਦੇ ਨਾਲ ਹੀ ਬੈਂਟਨ, ਜਕਾਰਤਾ ਅਤੇ ਪੱਛਮੀ ਜਾਵਾ ਦੇ ਸੂਬਾਈ ਗਵਰਨਰਾਂ ਨੂੰ ਉੱਚ ਪੱਧਰ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਤਰ੍ਹਾਂ ਦੇ ਦੀਵਾਨੀ ਮੁਕੱਦਮਿਆਂ ਲਈ ਨੋਟੀਫਿਕੇਸ਼ਨ ਪੱਤਰ ਕਾਨੂੰਨੀ ਰੂਪ ਨਾਲ ਲਾਜ਼ਮੀ ਹੁੰਦਾ ਹੈ। ਦਸੰਬਰ 2018 ਵਿਚ ਪੇਸ਼ ਕੀਤੇ ਗਏ ਦਸਤਾਵੇਜ਼ ਵਿਚ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਉਹ ਗੱਡੀਆਂ ਅਤੇ ਉਦਯੋਗਾਂ 'ਤੇ ਲੋੜੀਂਦੀ ਹਵਾ ਪ੍ਰਦੂਸ਼ਣ ਜਾਂਚ ਲਾਗੂ ਨਹੀਂ ਕਰ ਰਹੀ। ਇਸ ਦੇ ਨਾਲ ਹੀ ਹਰੇਕ ਸੂਬੇ ਵਿਚ ਪ੍ਰਦੂਸ਼ਣ ਦੇ ਪੱਧਰ ਨੰ ਘੱਟ ਕਰਨ ਲਈ ਕਾਰਜ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਸੀ।

ਸਰਕਾਰ ਵਿਰੁੱਧ ਮੁਕੱਦਮੇ ਦਾ ਸਮਰਥਨ ਕਰਨ ਵਾਲੇ ਗੈਰ ਲਾਭਕਾਰੀ ਸੰਗਠਨ ਗ੍ਰੀਨਪੀਸ ਇੰਡੋਨੇਸ਼ੀਆ ਦੇ ਕਾਰਕੁੰਨ ਬੋਂਦਨ ਐਂਡਰੀਯਾਨੂ ਨੇ ਕਿਹਾ ਕਿ ਅਸੀਂ ਹਾਲੇ ਵੀ ਸਰਕਾਰ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ। ਇੱਥੇ ਦੱਸ ਦਈਏ ਕਿ ਏਅਰ ਕੁਆਲਿਟੀ ਇੰਡੈਕਸ ਪਲੇਟਫਾਰਮ ਏਅਰ ਵਿਜ਼ੁਅਲ ਮੁਤਾਬਕ,''ਜਕਾਰਤਾ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਸਾਲ 2017 ਵਿਚ 29.7 ਦੇ ਪੀ.ਐੱਮ.2.5 ਤੋਂ ਵੱਧ ਕੇ ਸਾਲ 2018 ਵਿਚ 45.3 ਹੋ ਗਿਆ ਹੈ।


author

Vandana

Content Editor

Related News