ਇੰਡੋਨੇਸ਼ੀਆ ''ਚ ਭਾਰੀ ਮੀਂਹ ਕਾਰਨ ਹੜ੍ਹ, ਰਾਸ਼ਟਰਪਤੀ ਭਵਨ ''ਚ ਦਾਖਲ ਹੋਇਆ ਪਾਣੀ

02/25/2020 4:33:03 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਹੜ੍ਹ ਨਾਲ ਹਾਲਾਤ ਬੇਕਾਬੂ ਹੋ ਗਏ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ 5 ਫੁੱਟ ਤੱਕ ਭਰ ਚੁੱਕਾ ਹੈ ਜਿਸ ਨਾਲ ਲੋਕ ਘਰਾਂ ਅਤੇ ਇਮਾਰਤਾਂ ਵਿਚ ਫਸ ਗਏ ਹਨ। ਰਾਸ਼ਟਰਪਤੀ ਭਵਨ ਵਿਚ ਵੀ ਪਾਣੀ ਦਾਖਲ ਹੋ ਚੁੱਕਾ ਹੈ। ਸ਼ਹਿਰ ਦੀ ਆਵਾਜਾਈ ਵਿਵਸਥਾ ਵੀ ਵਿਗੜ ਗਈ ਹੈ। ਜਕਾਰਤਾ ਵਿਚ ਐਤਵਾਰ ਰਾਤ ਭਾਰੀ ਮੀਂਹ ਪਿਆ ਸੀ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਗਸ ਵਿਬੋਬੋ ਨੇ ਕਿਹਾ,''ਭਾਰੀ ਮੀਂਹ ਕਾਰਨ ਗ੍ਰੇਟਰ ਜਕਾਰਤਾ ਦੀਆਂ ਨਦੀਆਂ ਵਿਚ ਹੜ੍ਹ ਆ ਗਿਆ। ਇਸ ਕਾਰਨ ਰਿਹਾਇਸ਼ੀ ਅਤੇ ਕਾਰੋਬਾਰੀ ਇਲਾਕਿਆਂ ਵਿਚ 5 ਫੁੱਟ ਤੱਕ ਪਾਣੀ ਭਰ ਗਿਆ ਹੈ।'' 

PunjabKesari

ਇਕ ਅਧਿਕਾਰੀ ਦੇ ਮੁਤਾਬਕ ਮੰਗਲਵਾਰ ਸਵੇਰੇ ਹੜ੍ਹ ਦਾ ਪਾਣੀ ਰਾਸ਼ਟਰਪਤੀ ਭਵਨ ਕੰਪਲੈਕਸ ਵਿਚ ਵੀ ਦਾਖਲ ਹੋ ਗਿਆ ਪਰ ਸਥਿਤੀ ਕੰਟਰੋਲ ਵਿਚ ਹੈ। ਪੰਪ ਦੇ ਜ਼ਰੀਏ ਪਾਣੀ ਨੂੰ ਕੱਢਿਆ ਜਾ ਰਿਹਾ ਹੈ। ਸ਼ਹਿਰ ਵਿਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸਿਪਟੋ ਮੰਗੁਨਕੁਸੁਮੋ ਵਿਚ ਵੀ ਪਾਣੀ ਭਰ ਚੁੱਕਾ ਹੈ। ਹਸਪਤਾਲ ਦੀਆਂ ਕਈ ਮਸ਼ੀਨਾਂ ਅਤੇ ਉਪਕਰਨ ਖਰਾਬ ਹੋ ਗਏ ਹਨ। ਵਿਬੋਬੋ ਨੇ ਦੱਸਿਆ ਕਿ ਕਈ ਜ਼ਿਲਿਆਂ ਵਿਚ ਪਾਣੀ ਭਰਨ ਨਾਲ 300 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ।

PunjabKesari

ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਹੈ। ਟੀ.ਵੀ. ਫੁਟੇਜ ਵਿਚ ਫੌਜੀ ਅਤੇ ਬਚਾਅ ਕਰਮੀ ਰਬੜ ਦੀ ਕਿਸ਼ਤੀ ਜ਼ਰੀਏ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਇਲਾਕਿਆਂ ਵਿਚੋਂ ਕੱਢਦੇ ਦੇਖੇ ਗਏ। ਇੰਡੋਨੇਸ਼ੀਆ ਦੀ ਮੌਸਮ ਏਜੰਸੀ ਨੇ ਆਉਣ ਵਾਲੇ 2 ਹਫਤਿਆਂ ਤੱਕ ਹੋਰ ਮੀਂਹ ਪੈਣ ਦੀ ਭੱਵਿਖਬਾਣੀ ਕੀਤੀ ਹੈ।


Vandana

Content Editor

Related News