ਭਾਰਤੀ-ਅਮਰੀਕੀਆਂ ਨੇ ਵਾਸ਼ਿੰਗਟਨ ''ਚ CAA ਦੇ ਖਿਲਾਫ ਕੀਤਾ ਪ੍ਰਦਰਸ਼ਨ

12/29/2019 2:03:42 PM

ਵਾਸ਼ਿੰਗਟਨ- ਭਾਰਤੀ-ਅਮਰੀਕੀਆਂ ਦਾ ਇਕ ਸਮੂਹ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਇਥੇ ਭਾਰਤੀ ਦੂਤਘਰ ਦੇ ਸਾਹਮਣੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਕੋਲ ਇਕੱਠਾ ਹੋਇਆ। ਨਾਗਰਿਕਤਾ ਸੋਧ ਐਕਟ ਦੇ ਮੁਤਾਬਕ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਤੇ ਈਸਾਈ ਭਾਈਚਾਰੇ ਦੇ ਜੋ ਲੋਕ ਧਾਰਮਿਕ ਤਸੀਹਿਆਂ ਦੇ ਚੱਲਦੇ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ 31 ਦਸੰਬਰ 2014 ਤੱਕ ਭਾਰਤ ਆਏ ਹਨ, ਉਹਨਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ।

'ਨਫਰਤ ਦੇ ਖਿਲਾਫ ਇਕਜੁੱਟ' ਤੇ 'ਭਾਰਤ ਨੂੰ ਵੰਡਣਾ ਬੰਦ ਕਰੋ' ਜਿਹੇ ਪੋਸਟਰ ਪ੍ਰਦਰਸ਼ਿਤ ਕਰਦੇ ਹੋਏ ਗ੍ਰੇਟਰ ਵਾਸ਼ਿੰਗਟਨ ਇਲਾਕੇ ਦੇ ਕਰੀਬ 150 ਭਾਰਤੀ-ਅਮਰੀਕੀਆਂ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਭਾਰਤ ਦਾ ਧਰਮ-ਨਿਰਪੱਖ ਢਾਂਚਾ ਖਤਰੇ ਵਿਚ ਹੈ। ਉਹਨਾਂ ਨੇ ਭਾਜਪਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਰਾਸ਼ਟਰੀ ਗੀਤ ਵੀ ਗਾਇਆ। ਪ੍ਰਦਰਸ਼ਨਕਾਰੀਆਂ ਨੇ ਗਾਂਧੀ ਦੀ ਮੂਰਤੀ ਦੇ ਦੁਆਲੇ ਘੇਰਾ ਬਣਾਇਆ ਤੇ ਦੇਸ਼ ਭਗਤੀ ਦੇ ਗੀਤੇ ਗਾਏ। ਨਾਲ ਹੀ ਨਾਗਰਿਕਤਾ ਦੇਣ ਵਿਚ ਧਰਮ ਨੂੰ ਆਧਾਰ ਬਣਾਏ ਜਾਣ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਜ਼ਾਹਿਰ ਕੀਤੀ। ਪਿਛਲੇ ਨੌ ਦਿਨਾਂ ਵਿਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਗਿਆ ਇਹ ਤੀਜਾ ਵਿਰੋਧ ਪ੍ਰਦਰਸ਼ਨ ਸੀ।


Baljit Singh

Content Editor

Related News