ਕੈਨੇਡਾ ਤੋਂ ਸਭ ਤੋਂ ਵੱਧ ਡਿਪੋਰਟ ਹੋਏ ਭਾਰਤੀ ! ਹੈਰਾਨੀਜਨਕ ਅੰਕੜੇ ਆਏ ਸਾਹਮਣੇ
Thursday, Apr 30, 2026 - 03:34 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਵਿੱਚ ਹੁਣ ਭਾਰਤੀ ਸਭ ਤੋਂ ਵੱਡਾ ਸਮੂਹ ਬਣ ਗਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਭਾਰਤੀਆਂ ਨੇ ਡਿਪੋਰਟ ਹੋਣ ਦੇ ਮਾਮਲੇ ਵਿੱਚ ਮੈਕਸੀਕਨ ਨਾਗਰਿਕਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਜਨਵਰੀ ਤੋਂ ਮਾਰਚ ਦੇ ਵਿਚਕਾਰ ਕੈਨੇਡਾ ਤੋਂ ਕੁੱਲ 5,260 ਲੋਕਾਂ ਨੂੰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ 1,712 ਇਕੱਲੇ ਭਾਰਤੀ ਨਾਗਰਿਕ ਸਨ। ਇਹ ਕੁੱਲ ਗਿਣਤੀ ਦਾ ਲਗਭਗ 32.5 ਫੀਸਦੀ ਬਣਦਾ ਹੈ। ਇਸ ਦੇ ਉਲਟ ਇਸੇ ਸਮੇਂ ਦੌਰਾਨ 743 ਮੈਕਸੀਕਨ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ। ਇਹ ਸਾਲ 2020 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਡਿਪੋਰਟ ਹੋਣ ਵਾਲਿਆਂ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। ਜਾਣਕਾਰੀ ਮੁਤਾਬਕ 31,482 ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਚੱਲ ਰਹੀ ਹੈ ਜਿਨ੍ਹਾਂ ਵਿਚ 6,980 ਭਾਰਤੀ ਨਾਗਰਿਕ ਸ਼ਾਮਲ ਹਨ। ਬਿਲ ਸੀ-12 ਲਾਗੂ ਹੋਣ ਮਗਰੋਂ ਹਜ਼ਾਰਾਂ ਅਸਾਇਲਮ ਕਲੇਮਜ਼ ਰੱਦ ਹੋ ਚੁੱਕੇ ਹਨ ਅਤੇ ਅਜਿਹੇ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕੰਮ ਵੀ ਵਧ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਭਾਰਤ ਨੂੰ ਕੋਹਿਨੂਰ ਵਾਪਸ ਕਰ ਦਿਓ'! ਕਿੰਗ ਚਾਰਲਸ ਨੂੰ ਨਿਊਯਾਰਕ ਦੇ ਮੇਅਰ ਕਰਨਗੇ ਅਪੀਲ
ਰਿਪੋਰਟ ਅਨੁਸਾਰ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤੀਆਂ ਦੀ ਵਧਦੀ ਡਿਪੋਰਟੇਸ਼ਨ ਪਿੱਛੇ ਜਬਰੀ ਵਸੂਲੀ ਨਾਲ ਜੁੜੀ ਹਿੰਸਾ ਵਿੱਚ ਸ਼ਮੂਲੀਅਤ ਇੱਕ ਵੱਡਾ ਕਾਰਨ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਮੈਕਸੀਕੋ ਦੇ 4,837 ਲੋਕਾਂ ਦੇ ਮੁਕਾਬਲੇ ਭਾਰਤੀਆਂ ਦੀ ਗਿਣਤੀ 3,779 ਸੀ, ਪਰ ਹੁਣ ਇਹ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ CBSA ਦੀ 'ਰਿਮੂਵਲ ਇਨ ਪ੍ਰੋਗਰੈਸ' (ਡਿਪੋਰਟ ਹੋਣ ਦੀ ਪ੍ਰਕਿਰਿਆ ਅਧੀਨ) ਸੂਚੀ ਵਿੱਚ ਵੀ ਭਾਰਤੀਆਂ ਦਾ ਸਭ ਤੋਂ ਵੱਡਾ ਸਮੂਹ ਹੈ। ਇਸ ਵੇਲੇ 6,980 ਭਾਰਤੀ ਨਾਗਰਿਕ ਡਿਪੋਰਟ ਕੀਤੇ ਜਾਣ ਦੀ ਕਤਾਰ ਵਿੱਚ ਹਨ, ਜੋ ਕਿ ਕੁੱਲ ਸੂਚੀ ਦਾ 22 ਫੀਸਦੀ ਤੋਂ ਵੱਧ ਹੈ।ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇਸ਼ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 5 ਲੱਖ ਦੇ ਨੇੜੇ-ਤੇੜੇ ਮੰਨਦਾ ਹੈ।
ਕੈਨੇਡਾ ਸਰਕਾਰ ਨੇ ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਵਾਪਸੀ ਲਈ ਖਰਚੇ ਵੀ ਭਾਰੀ ਵਧਾ ਦਿੱਤੇ ਹਨ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਡਿਪੋਰਟ ਕੀਤਾ ਵਿਅਕਤੀ ਵਾਪਸ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਪਹਿਲਾਂ ਵਾਲੀ 1,500 ਡਾਲਰ ਦੀ ਫੀਸ ਦੀ ਬਜਾਏ, ਐਸਕਾਰਟਿਡ ਰਿਮੂਵਲ (ਨਿਗਰਾਨੀ ਹੇਠ ਵਾਪਸੀ) ਲਈ ਲਗਭਗ 12,800 ਕੈਨੇਡੀਅਨ ਡਾਲਰ ਅਤੇ ਬਿਨਾਂ ਨਿਗਰਾਨੀ ਵਾਲੀ ਵਾਪਸੀ ਲਈ 3,800 ਡਾਲਰ ਖਰਚਣੇ ਪੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
