ਅਮਰੀਕਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫਤਾਰ, ਤੁਰੰਤ ਦੇਸ਼ ਨਿਕਾਲੇ ਦਾ ਆਦੇਸ਼

01/12/2018 12:14:58 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਨਾਗਰਿਕ ਅਤੇ ਉੱਘੇ ਪ੍ਰਵਾਸੀ ਅਧਿਕਾਰ ਕਾਰਜਕਰਤਾ ਰਵੀ ਰਗਬੀਰ ਨੂੰ ਅਮਰੀਕਾ ਦੇ ਇਮੀਗਰੇਸ਼ਨ ਅਤੇ ਕਸਟਮ ਵਿਭਾਗ (ਆਈ. ਸੀ. ਈ.) ਨੇ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਤੁਰੰਤ ਦੇਸ਼ ਨਿਕਾਲਾ ਦਿੱਤੇ ਜਾਣ ਦੇ ਆਦੇਸ਼ ਦੇ ਦਿੱਤੇ। ਇਸ ਕਦਮ 'ਤੇ ਨਿਊਯਾਰਕ ਵਿਚ ਸਥਾਨਕ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਈ ਭਾਰਤੀ-ਅਮਰੀਕੀਆਂ ਸਮੇਤ ਵੱਡੀ ਗਿਣਤੀ ਵਿਚ ਰਵੀ ਰਗਬੀਰ ਸਮਰਥਕ ਜੈਕਬ ਜਾਵਿਟਸ ਫੈਡਰਲ ਇਮਾਰਤ ਦੇ ਬਾਹਰ ਇੱਕਠੇ ਹੋਏ, ਜਿੱਥੇ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। 
ਡੈਮੋਕ੍ਰੈਟਿਕ ਪਾਰਟੀ ਦੇ ਇਕ ਸੀਨੀਅਰ ਨੇਤਾ ਅਤੇ ਕਾਂਗਰਸ ਦੇ ਮੈਂਬਰ ਜੋਅ ਕ੍ਰੋਲੇ ਨੇ ਕਿਹਾ,''ਰਵੀ ਭਾਈਚਾਰੇ ਦੇ ਪ੍ਰਸਿੱਧ ਨੇਤਾ ਹਨ। ਇਕ ਚੰਗੇ ਪਿਤਾ ਹਨ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਲਈ ਲੜਨ ਵਾਲੇ ਇਕ ਮਜ਼ਬੂਤ ਕਾਰਜਕਰਤਾ ਹਨ। ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਜਾਣਾ ਪੂਰੀ ਤਰ੍ਹਾਂ ਗਲਤ ਹੈ। ਇਹ ਨਿਊਯਾਰਕ ਸ਼ਹਿਰ ਅਤੇ ਦੇਸ਼ ਭਰ ਵਿਚ ਟਰੰਪ ਪ੍ਰਸ਼ਾਸਨ ਦੇ ਘਾਤ ਲਗਾ ਕੇ ਨਿਸ਼ਾਨਾ ਬਣਾਉਣ ਦੇ ਵਿਹਾਰ ਨੂੰ ਦਰਸਾਉਂਦਾ ਹੈ। ਰਵੀ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।'' ਰਗਬੀਰ ਇਕ ਯਾਤਰੀ ਵੀਜ਼ਾ 'ਤੇ ਸਾਲ 1991 ਵਿਚ ਤ੍ਰਿਨਿਦਾਦ ਅਤੇ ਟੋਬੈਗੋ ਤੋਂ ਅਮਰੀਕਾ ਆਏ ਸਨ। ਉਹ ਸਾਲ 1994 ਵਿਚ ਕਾਨੂੰਨੀ ਰੂਪ ਵਿਚ ਇਕ ਸਥਾਈ ਨਿਵਾਸੀ ਬਣੇ। ਉਨ੍ਹਾਂ ਨੂੰ ਸਾਲ 2006 ਵਿਚ ਵੀ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਗਈ ਸੀ ਅਤੇ ਫਰਵਰੀ 2008 ਵਿਚ ਰਿਹਾਅ ਹੋਣ ਤੋਂ ਪਹਿਲਾਂ ਉਨ੍ਹਾਂ ਨੇ 22 ਮਹੀਨੇ ਇਮੀਗਰੇਸ਼ਨ ਹਿਰਾਸਤ ਵਿਚ ਗੁਜਾਰੇ। ਆਈ. ਸੀ. ਈ. ਦੇ ਇਕ ਬੁਲਾਰੇ ਨੇ ਦੱਸਿਆ ਕਿ ਰਗਬੀਰ 'ਤੇ ਇਮੀਗਰੇਸ਼ਨ ਉਲੰਘਣਾ ਦੇ ਇਲਾਵਾ ਧੋਖਾਧੜੀ ਦਾ ਦੋਸ਼ ਹੈ, ਜਿਸ ਨੂੰ ਇਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।


Related News